4-5 ਅਗਸਤ ਨੂੰ ਅਰਥੀਆਂ ਫੂਕਣ ਅਤੇ 18 ਨੂੰ ਕੰਮਾਂ ਤੋਂ ਵਾਕ-ਆਊਟ ਦਾ ਕੀਤਾ ਐਲਾਨ
2 ਅਗਸਤ 2020: ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰਾਂ ਦੀ ਇੱਕ ਜ਼ਰੂਰੀ ਮੀਟਿੰਗ ਕਰਨੈਲ ਸਿੰਘ ਰਾਹੋਂ ਦੀ ਪ੍ਰਧਾਨਗੀ ਵਿੱਚ ਬਾਰਾਂਦਰੀ ਗਾਰਡਨ ਨਵਾਂਸ਼ਹਿਰ ਵਿਖੇ ਹੋਈ। ਪ.ਸ.ਸ.ਫ. ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਮਿਤੀ 20 ਤੋਂ 24 ਜੁਲਾਈ ਤੱਕ ਮੁਲਾਜ਼ਮਾਂ-ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ ਉਲੀਕੇ ਸਾਂਝੇ ਸੰਘਰਸ਼ ਤਹਿਤ ਵੱਖ-ਵੱਖ ਸਥਾਨਾਂ ਤੇ ਸਰਕਾਰ ਦੇ ਲਾਰਿਆਂ ਅਤੇ ਪਾਪਾਂ ਦੇ ਘੜੇ ਭੰਨ ਕੇ ਕੀਤੇ ਰੋਸ ਪ੍ਰਦਰਸ਼ਨਾਂ ਵਿੱਚ ਮੁਲਾਜ਼ਮਾਂ ਵਲੋਂ ਕੀਤੀ ਸ਼ਮੂਲੀਅਤ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦੱਸਿਆਂ ਕਿ ਪੰਜਾਬ ਅੰਦਰ 500 ਤੋਂ ਵੱਧ ਸਥਾਨਾਂ ਤੇ ਇਹ ਘੜਾ-ਭੰਨ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਸਾਂਝੇ ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਸੋਇਤਾ ਨੇ ਦੱਸਿਆਂ ਕਿ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਕੋਵਿਡ ਦੀ ਆੜ ਹੇਠ ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਸਾਂਝੇ ਫਰੰਟ ਵਲੋਂ ਪੜਾਅਵਾਰ ਸੰਘਰਸ਼ ਉਲੀਕਿਆ ਗਿਆ ਹੈ। ਉਹਨਾਂ ਦੱਸਿਆ ਕਿ ਉਲੀਕੇ ਗਏ ਸੰਘਰਸ਼ ਦੇ ਤਹਿਤ ਮਿਤੀ 4-5 ਅਗਸਤ ਨੂੰ ਪੂਰੇ ਪੰਜਾਬ ਅੰਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਜਿਸਦੇ ਤਹਿਤ 4 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਅਤੇ 5 ਅਗਸਤ ਨੂੰ ਜ਼ਿਲ੍ਹੇ ਅੰਦਰ ਵੱਖ-ਵੱਖ ਸਥਾਨਾਂ ਤੇ ਅਰਥੀ-ਫੂਕ ਪ੍ਰਦਰਸ਼ਨ ਕੀਤੇ ਜਾਣਗੇ, 10 ਤੋਂ 14 ਅਗਸਤ ਤੱਕ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਕਾਲੇ ਚੋਲੇ ਪਹਿਨ ਕੇ ਅਤੇ ਕਾਲੇ ਝੰਡੇ ਲੈ ਕੇ ਰੋਸ ਪੱਤਰ ਦਿੱਤੇ ਜਾਣਗੇ। ਸੰਘਰਸ਼ ਨੂੰ ਹੋਰ ਪ੍ਰਚੰਡ ਕਰਦਿਆਂ 18 ਅਗਸਤ ਨੂੰ ਆਪਣੇ ਦਫਤਰਾਂ ਵਿਖੇ ਹਾਜ਼ਰੀ ਲਗਾਉਣ ਉਪਰੰਤ ਵਾਕ-ਆਊਟ ਕਰਕੇ ਆਪਣੇ-ਆਪਣੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਜੀ.ਟੀ.ਯੂ. ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵਿਰੁੱਧ ਜਾਰੀ ਕੀਤੀ ਝੂਠੀ ਮਨਘੜਤ ਦੋਸ਼ ਸੂਚੀ ਵਾਪਿਸ ਲਈ ਜਾਵੇ ਅਤੇ ਗੁਰੂ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਵਿਖੇ ਸੁਰੱਖਿਆ ਉਪਕਰਣਾਂ ਦੀ ਲੜਾਈ ਲੜ ਰਹੇ ਪੈਰਾ-ਮੈਡੀਕਲ ਆਗੂਆਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਿਸ ਲਏ ਜਾਣ। ਅੰਤ ਵਿੱਚ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਲੀਕੇ ਗਏ ਸੰਘਰਸ਼ਾਂ ਨੂੰ ਪੂਰਾ ਜ਼ੋਰ ਲਗਾ ਕੇ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਪੰਜਾਬ ਰੋਡਵੇਜ ਆਗੂ ਅਜੀਤ ਸਿੰਘ ਬਰਨਾਲਾ, ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਆਗੂ ਜੀਤ ਲਾਲ ਗੋਹਲੜੋਂ, ਰੋਡਵੇਜ਼ ਪੈਨਸ਼ਨਰ ਆਗੂ ਗੁਲਸ਼ਨ ਕੁਮਾਰ, ਪੈਨਸ਼ਨਰ ਆਗੂ ਮੁਕੰਦੀ ਲਾਲ, ਬਿਜਲੀ ਬੋਰਡ ਦੇ ਆਗੂ ਮਨਜੀਤ ਕੁਮਾਰ ਅਤੇ ਰਾਮ ਲੁਭਾਇਆ, ਡੀ ਸੀ ਦਫ਼ਤਰ ਆਗੂ ਸਤਨਾਮ ਸਿੰਘ ਜ਼ਿਲ੍ਹਾ ਕਨਵੀਨਰ ਹਾਜ਼ਰ ਸਨ।