ਅਸ਼ੋਕ ਵਰਮਾ
ਬਠਿੰਡਾ, 17 ਅਗਸਤ 2020: ਵਾਅਦੇ ਮੁਤਾਬਕ 14 ਅਗਸਤ ਤੱਕ ਫੀਸਾਂ ਦੀ ਕਥਿਤ ਵਸੂਲੀ ਦਾ ਮਸਲਾ ਨਾਂ ਹੱਲ ਹੋਣ ਤੇ ਅੱਜ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਓਣ ਦੇ ਮੁੱਖ ਗੇਟ ਅੱਗੇ ਧਰਨਾ ਲਾ ਦਿੱਤਾ। ਅੱਜ ਦੇ ਧਰਨੇ ਦੀ ਹਮਾਇਤ ’ਚ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਵੀ ਮਸਲਾ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਹਮਾਇਤ ’ਚ ਆਈਆਂ ਸੰਘਰਸ਼ੀ ਧਿਰਾਂ ਨੇ ਜੋਰਦਾਰ ਨਾਅਰੇਬਾਜੀ ਕੀਤੀ। ਮੌਕੇ ਤੇ ਪੁੱਜੇ ਇੱਕ ਸਰਕਾਰੀ ਅਧਿਕਾਰੀ ਦੀ ਪਹਿਲਕਦਮੀ ਤੇ ਕਾਲਜ ਦੇ ਡਿਪਟੀ ਡਾਇਰੈਕਟਰ ਨੇ 18 ਅਗਸਤ ਨੂੰ ਮੀਟਿੰਗ ਦਾ ਭਰੋਸਾ ਦਿਵਾਇਆ ਜਿਸ ਤੋਂ ਬਾਅਦ ਅੱਜ ਦਾ ਧਰਨਾ ਖਤਮ ਕਰ ਦਿੱਤਾ ਗਿਆ।
ਅੱਜ ਦੇ ਧਰਨੇ ਨੂੰ ਵਿਦਿਆਰਥੀ ਸੰਦੀਪ ਸਿੰਘ,ਮਨਪ੍ਰੀਤ ਸਿੰਘ,ਅਮਰ ਸਿੰਘ, ਹਰਮਨ ਸਿੰਘ ਜਸਵੀਰ ਸਿੰਘ ਅਮਨਦੀਪ ਕੌਰ ਅਤੇ ਵੀਰਪਾਲ ਕੌਰ ਨੇ ਦੋਸ਼ ਲਾਇਆ ਕਿ ਸੰਸਥਾ ਉਨਾਂ ਨੂੰ ਕਥਿਤ ਤੌਰ ਤੇ ਮੋਟੀਆਂ ਫੀਸਾਂ ਜਮਾਂ ਕਰਵਾਉਣ ਲਈ ਆਖ ਰਹੀ ਹੈ ਜੋ ਹਾਲਾਤਾਂ ਦੇ ਮੱਦੇਨਜ਼ਰ ਬੇਲੋੜੀਆਂ ਫੀਸਾਂ ਉਨਾਂ ਲਈ ਮੁਸ਼ਕਲ ਹਨ। ਉਨਾਂ ਕਿਹਾ ਕਿ ਇਸ ਤੋਂ ਵੀ ਵੱਡਾ ਮਸਲਾ ਫੀਸਾਂ ਅਦਾ ਕਰਨ ਤੋਂ ਅਸਮਰੱਥ ਵਿਦਿਆਰਥੀਆਂ ਵੱਲੋਂ ਅਦਾਰਾ ਛੱਡਣ ਲਈ ਮੰਗੇ ਜਾ ਰਹੇ ਸਰਟੀਫਿਕੇਟਾਂ ਦਾ ਹੈ ਜਿਸ ਲਈ ਅਦਾਰਾ ਕਥਿਤ ਮੋਟੀ ਫੀਸ ਜੁਰਮਾਨੇ ਸਮੇਤ ਮੰਗ ਰਿਹਾ ਹੈ। ਉਨਾਂ ਆਖਿਆ ਕਿ ਅਦਾਰਾ ਇਹ ਨਾਂ ਸਮਝੇ ਕਿ ਧਰਨਾ ਚੁੱਕਣ ਨਾਲ ਮਸਲਾ ਮੁੱਕ ਗਿਆ ਹੈ । ਜੇਕਰ ਮੀਟਿੰਗ ਦਾ ਸਿੱਟਾਂ ਨਾਂ ਨਿੱਕਲਿਆ ਤਾਂ ਉਹ ਅਣਮਿਥੇ ਸਮੇਂ ਦਾ ਧਰਨਾ ਲਾਉਣਗੇ।
ਬੀਕੇਯੂ ਉਗਰਾਹਾਂ ਦੇ ਆਗੂ ਅਮਰੀਕ ਸਿੰਘ ਸਿਵੀਆਂ ਨੇ ਆਖਿਆ ਕਿ ਕਰੋਨਾ ਵਾਇਰਸ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ੇ ਸੰਕਟ ਕਾਰਨ ਵਿੱਦਿਅਕ ਅਦਾਰੇ ਬੰਦ ਹਨ ਫਿਰ ਵੀ ਫੀਸਾਂ ਵਸੂਲਣ ਦੇ ਹੁਕਮ ਪੂਰੀ ਤਰਾਂ ਨਜਾਇਜ ਹਨ। ਉਨਾਂ ਆਖਿਆ ਕਿ ਖੜੀਆਂ ਬੱਸਾਂ ਦੇ ਪੈਸੇ ਵਿਦਿਆਰਥੀ ਕਿਸ ਤਰਾਂ ਪੈਸੇ ਅਦਾ ਕਰਨਗੇ ਇਹ ਗੱਲ ਪ੍ਰਬੰਧਕਾਂ ਨੂੰ ਵਿਚਾਰਨੀ ਚਾਹੀਦੀ ਹੈ। ਉਨਾਂ ਆਖਿਆ ਕਿ ਟਿਊਸ਼ਨ ਫੀਸ ਦੀ ਵਸੂਲੀ ਨੂੰ ਤਾਂ ਕਿਸੇ ਹੱਦ ਤੱਕ ਜਾਇਜ ਹੈ ਪਰ ਹੋਰ ਬੇਲੋੜੇ ਖਰਚੇ ਵਸੂਲਣੇ ਧੱਕੇਸ਼ਾਹੀ ਅਤੇ ਗ਼ੈਰ-ਵਾਜਿਬ ਹਨ। ਵਿਦਿਆਰਥੀਆਂ ਨੇ ਉਨਾਂ ਆਖਿਆ ਕਿ ਵਿਦਿਆਰਥੀ ਇਸ ਮਾਮਲੇ ’ਚ ਜਾਇਜ ਅਦਾਇਗੀ ਕਰਨ ਨੂੰ ਤਿਆਰ ਹਨ ਪਰ ਕਥਿਤ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਦਾ ਕਹਿਣਾ ਸੀ ਕਿ ਅਜੋਕੇ ਸੰਕਟ ਦੌਰਾਨ ਇਸ ਤਰਾਂ ਕਥਿਤ ਨਜਾਇਜ ਫੀਸਾਂ ਦੀ ਮੰਗ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਕਾਰਨ ਠੱਪ ਹੋਏ ਧੰਦਿਆਂ ਕਰਕੇ ਸਕੂਲੀ ਫੀਸਾਂ ਭਰਨੀਆਂ ਔਖੀਆਂ ਹਨ ਅਤੇ ਅਦਾਰੇ ਵੱਲੋਂ ਦਾ ਵਤੀਰਾ ਪੂਰੀ ਤਰਾਂ ਗੈਰਸੰਵੇਦਨਸ਼ੀਲ ਹੈ। ਉਨਾਂ ਆਖਿਆ ਕਿ ਸਧਾਰਨ ਘਰਾਂ ਨੂੰ ਤਾਂ ਰੋਟੀ ਦੇ ਲਾਲੇ ਪੈਣ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਅਤੇ ਕਥਿਤ ਨਜਾਇਜ ਫੀਸਾਂ ਉਨਾਂ ਦਾ ਗਲਾ ਘੁੱਟਣ ਬਰਾਬਰ ਹੈ। ਉਨਾਂ ਆਖਿਆ ਕਿ ਮਾਲਕਾਂ ਦੀ ਪ੍ਰਸ਼ਾਸਨ ਅਤੇ ਸਰਕਾਰ ਤੱਕ ਕਥਿਤ ਪਹੁੰਚ ਹੈ ਜੋ ਮਸਲਾ ਹੱਲ ਕਰਨ ‘ਚ ਆੜੇ ਆ ਰਹੀ ਹੈ।