ਅਸ਼ੋਕ ਵਰਮਾ
ਮਾਨਸਾ 27 ਅਗਸਤ 2020: ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ ਝੁਨੀਰ ਬਲਾਕ ਦੇ ਪ੍ਰਧਾਨ ਅਮਰੀਕ ਸਿੰਘ ਕੋਟਧਰਮੁ ਦੀ ਅਗਵਾਈ ਹੇਠ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਪਿ੍ਰੰਸੀਪਲ ਵੱਲੋਂ ਜਬਰੀ ਫ਼ੀਸ ਵਸੂਲਣ ਅਤੇ ਸਕੂਲ ਵਿੱਚੋਂ ਬੱਚਿਆਂ ਦੇ ਨਾਮ ਕੱਟਣ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਸਿਖ਼ਰ ਦੁਪਹਿਰੇ ਕੜਕਦੀ ਧੁੱਪ ਵਿਚ ਸਕੂਲ ਦੇ ਗੇਟ ਅੱਗੇ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਧਰਨਾ ਲਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਅਤੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਸਮਾਉਂ ਨੇ ਕਿਹਾ ਕਿ ਇਸ ਸਕੂਲ ਦੇ ਪਿ੍ਰੰਸੀਪਲ ਵੱਲੋਂ ਬੱਚਿਆਂ ਨੂੰ ਜਬਰੀ ਫੀਸਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ । ਜਦੋਂ ਮਾਪੇ ਕਰੋਨਾਂ ਮਹਾਂਮਾਰੀ ਕਾਰਨ ਫੀਸਾਂ ਭਰਨ ਤੋਂ ਅਸਮਰਥ ਰਹੇ ਤਾਂ ਸਕੂਲ ਵਿਚੋਂ ਬੱਚਿਆਂ ਦੇ ਨਾਮ ਕੱਟ ਦਿੱਤੇ ਗਏ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਦੇਸ਼ ਦੇ ਲੋਕ ਕਰੋਨਾ ਮਹਾਂਮਾਰੀ ਦੀ ਵਜਾ ਤੋਂ ਪ੍ਰੇਸ਼ਾਨ ਹਨ ਅਤੇ ਸਕੂਲ ੬ ਮਹੀਨੇ ਤੋਂ ਬੰਦ ਪਏ ਹਨ। ਸਕੂਲ ਵੱਲੋਂ ਪੜਾਈ, ਸਕੂਲ ਵੈਨਾਂ, ਬਿਜਲੀ, ਪਾਣੀ ਅਤੇ ਹੋਰ ਕੋਈ ਖਰਚਾ ਵੀ ਨਹੀਂ ਕੀਤਾ ਗਿਆ ਬਲਕਿ ਦੂਜੇ ਪਾਸੇ ਮਾਪਿਆਂ ਵੱਲੋਂ ਆਨਲਾਇਨ ਪੜਾਈ ਕਰਨ ਲਈ ਬੱਚਿਆਂ ਨੂੰ ਮੋਬਾਇਲ ਫੋਨ ਖਰੀਦ ਕੇ ਦੇਣੇ ਪਏ ਹਨ। ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਜਿਸ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਬਿਜ਼ਨਸ-ਮੈਨਾਂ ਦਾ ਖਿਆਲ ਛੱਡਕੇ ਆਮ ਲੋਕਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਮੱਧ ਵਰਗ ਨੂੰ ਰਾਹਤ ਮਿਲ ਸਕੇ। ਉਨਾਂ ਕਿਹਾ ਕਿ ਅਗਰ ਜਲਦੀ ਹੀ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਪਹਿਲੀ ਸਤੰਬਰ ਨੂੰ ਮੀਟਿੰਗ ਸੱਦੀ ਗਈ ਹੈ ।
ਜਥੇਬੰਦੀ ਦੇ ਜ਼ਿਲੇ ਦੇ ਵਿੱਤ ਸਕੱਤਰ ਕਰਨੈਲ ਸਿੰਘ ਮਾਨਸਾ ਅਤੇ ਸੁਰਜੀਤ ਸਿੰਘ ਕੋਟਧਰਮੂ ਨੇ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਪਹਿਲਾਂ ਡੀ ਸੀ ਮਾਨਸਾ ਤੇ ਐਸ ਐਸ ਪੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਤਾਂ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹੋਣਾ ਪਿਆ ਹੈ। ਧਰਨੇ ਨੂੰ ਦਰਸ਼ਨ ਸਿੰਘ ਸਾਹਨੇਵਾਲੀ, ਹਾਕਮ ਸਿੰਘ ਝੁਨੀਰ, ਸਵਰਨ ਸਿੰਘ ਬੋੜਾਵਾਲ,ਬਾਬੂ ਸਿੰਘ ਬਰੇ,ਲੀਲਾ ਸਿੰਘ, ਰੇਸ਼ਮ ਸਿੰਘ ਭੰਮੇ ਕਲਾਂ ਅਤੇ ਮੇਜਰ ਸਿੰਘ ਨੰਗਲ ਆਦਿ ਨੇ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਕਿ ਜੇਕਰ ਸਕੂਲ ਨੇ ਫੌਰੀ ਤੌਰ ਤੇ ਆਪਣਾ ਵਤੀਰਾ ਨਾਂ ਬਦਲਿਆ ਤਾਂ ਸੰਘਰਸ਼ ਦੀ ਚਿੰੰਗਾੜੀ ਹੋਰ ਵੀ ਭੜਕਣ ਤੋਂ ਰੱਦ ਨਹੀਂ ਕੀਤੀ ਜਾ ਸਕਦੀ ਹੈ।