5 ਛੱਪੜਾਂ ਦੇ ਨਿਰਮਾਣ ਦਾ ਕੰਮ ਮੁਕੰਮਲ
ਰਾਣੀ ਮਾਜਰਾ ਵਿਖੇ ਲਗਾਇਆ ਗਿਆ ਸੋਲਿਡ ਵੇਸਟ ਮੈਨੇਜਮੈਂਟ ਦਾ ਪ੍ਰਾਜੈਕਟ
ਐਸ.ਏ.ਐਸ. ਨਗਰ, 11 ਅਗਸਤ 2020: ਬਲਾਕ ਡੇਰਾਬੱਸੀ ਵਿਖੇ ਪੀ.ਐੱਮ.ਏ.ਵਾਈ ਸਕੀਮ ਤਹਿਤ ਕੁੱਲ 337 ਕੱਚੇ ਮਕਾਨਾਂ ਨੂੰ ਪੱਕਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਾਜੈਕਟ ਤੇ ਪੀ.ਐੱਮ.ਏ.ਵਾਈ (ਜੀ) ਸਕੀਮ ਅਧੀਨ 1,20,000/- ਰੁਪਏ ਪ੍ਰਤੀ ਮਕਾਨ ਖਰਚ ਆਇਆ ਹੈ ਜੋ ਕਿ ਕੁੱਲ ਤਿੰਨ ਕਿਸ਼ਤਾਂ ਵਿੱਚ ਲਾਭਪਾਤਰੀਆਂ ਨੂੰ ਦਿੱਤੀ ਗਈ।
ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਰਾਣੀ ਮਾਜਰਾ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਦਾ ਪ੍ਰਾਜੈਕਟ ਲਗਾਇਆ ਗਿਆ ਹੈ ਜਿਸ ਦੀ ਕੁੱਲ ਲਾਗਤ 1,96,000 ਰੁਪਏ ਆਈ ਹੈ। ਗ੍ਰਾਮ ਪੰਚਾਇਤ ਰਾਣੀ ਮਾਜਰਾ ਵੱਲੋਂ ਪੰਚਾਇਤ ਫੰਡ ਨਾਲ 1,36,000 ਰੁਪਏ ਖਰਚ ਕੀਤੇ ਗਏ ਹਨ ਅਤੇ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ 60,000 ਰੁਪਏ ਖਰਚ ਕੀਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਰਾਮਪੁਰ ਬਹਾਲ ਵਿਖੇ ਗੰਦੇ ਪਾਣੀ ਦੇ ਨਿਕਾਸ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਸ਼੍ਰੀਮਤੀ ਪੂਜਾ ਤੰਵਰ ਸਰਪੰਚ,ਗ੍ਰਾਮ ਪੰਚਾਇਤ ਭਾਗਸੀ ਵੱਲੋਂ ਸਰ-ਸਈਦ ਟਰੱਸਟ ਨਾਲ ਤਾਲ-ਮੇਲ ਕਰਕੇ ਅਤੇ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ 5 ਛੱਪੜਾਂ ਦਾ ਨਿਰਮਾਣ ਕੀਤਾ ਗਿਆ। ਇਸ ਪ੍ਰਾਜੈਕਟ ਤੇ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਦੋ ਲੱਖ ਰੁਪਏ ਖਰਚ ਕੀਤੇ ਗਏ ਅਤੇ ਸਰ-ਸਈਦ ਟਰੱਸਟ ਵੱਲੋਂ ਨੋ ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਤੋਂ ਇਲਾਵਾ ਪਿੰਡ ਦੇ ਆਮ ਲੋਕਾਂ ਲਈ ਸੈਰ ਕਰਨ ਲਈ 05 ਛੱਪੜਾਂ ਦੇ ਆਲੇ-ਦੁਆਲੇ ਬੰਨ੍ਹ-ਕਮ-ਟਰੈਕ ਬਣਾਇਆ ਗਿਆ ਹੈ।