← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 17 ਅਗਸਤ 2020: ਲੰਬੀ ਥਾਣੇ ਅਧੀਨ ਆਉਦੇ ਇੱਕ ਪਿੰਡ ਦੇ ਖੇਤ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਤੇ ਉਸਦੀ ਵੀ.ਡੀ.ਓ. ਬਣਾਕੇ ਵਾਇਰਲ ਕਰਨ ਵਾਲਿਆਂ ’ਤੇ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਉਣ ਅਤੇ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 20 ਅਗਸਤ ਨੂੰ ਲੰਬੀ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬਲਾਕ ਦੇ ਆਗੂ ਕਾਲਾ ਸਿੰਘ ਸਿੰਘੇਵਾਲਾ ਨੇ ਲੰਬੀ ਪੁਲਿਸ ਅਤੇ ਡਾਕਟਰਾਂ ਤੇ ਮੁਲਜਮਾਂ ਨੂੰ ਬਚਾਉਣ ਦੇ ਇਲਜਾਮ ਲਾਉਂਦਿਆਂ ਆਖਿਆ ਕਿ 1 ਅਗਸਤ ਨੂੰ ਇਹ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਪੀੜਤ ਪਰਿਵਾਰ ਵੱਲੋਂ 3 ਅਗਸਤ ਨੂੰ ਪੁਲਿਸ ਥਾਣਾ ਲੰਬੀ ਵਿਖੇ ਜਾ ਕੇ ਉਹਨਾਂ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਮੁਲਜਮਾਂ ਨੂੰ ਬਚਾਉਣ ਦੇ ਮਕਸਦ ਨਾਲ ਲੜਕੀ ਦਾ ਮੈਡੀਕਲ ਕਰਵਾਕੇ ਉਸਦੇ ਅਧਾਰ ਤੇ ਸਮੂਹਿਕ ਬਲਾਤਕਾਰ ਦੇ ਕੇਸ ਦਰਜ ਕਰਨ ਦੀ ਥਾਂ ਮਹਿਜ਼ ਛੇੜਛਾੜ ਕਰਨ ਤੇ ਵੀ.ਡੀ.ਓ. ਵਾਇਰਲ ਕਰਨ ਦਾ ਹੀ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਦੋ ਹਫ਼ਤੇ ਤੋਂ ਵਧੇਰੇ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਅਜੇ ਤੱਕ ਕਿਸੇ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ। ਉਹਨਾਂ ਆਖਿਆ ਕਿ ਪੁਲਿਸ ਦੀ ਮੁਲਜਮਾਂ ਨਾਲ ਕਥਿਤ ਮਿਲੀਭੁਗਤ ਜੱਗ ਜਾਹਰ ਹੋਣ ਕਾਰਨ ਆਖਰ 13 ਅਗਸਤ ਨੂੰ ਪੀੜਤ ਲੜਕੀ ਵੱਲੋਂ ਅਦਾਲਤ ’ਚ ਪੇਸ਼ ਹੋ ਕੇ ਆਪਣੇ ਨਾਲ ਹੋਏ ਸਮੂਹਿਕ ਬਲਾਤਕਾਰ ਸਬੰਧੀ ਬਿਆਨ ਦਰਜ਼ ਕਰਵਾਉਣ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਵੀ ਪੀੜਤ ਦਾ ਮੈਡੀਕਲ ਕਰਾਉਣ ਤੋਂ ਪੁਲਿਸ ਵੱਲੋਂ ਟਾਲਮਲੋਟ ਕੀਤੀ ਗਈ ਪਰ ਪਰਿਵਾਰ ਵੱਲੋਂ ਜ਼ੋਰ ਪਾਉਣ ਤੇ ਹੀ ਆਖਰ ਲੜਕੀ ਦਾ ਮੈਡੀਕਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਮੁਲਜਮ ਪਹੁੰਚ ਵਾਲੇ ਹੋਣ ਕਰਕੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਉੱਤੇ ਸਮੂਹਿਕ ਬਲਾਤਕਾਰ ਕਰਨ ਤੇ ਐਸ.ਸੀ.ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮੁਲਜਮਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ, ਕਥਿਤ ਪੱਖ ਪੂਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਡਾਕਟਰ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਇਲਾਕੇ ਦੇ ਖੇਤ ਮਜ਼ਦੂਰਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਨੂੰ ਇਨਸਾਫ਼ ਦਿਵਾਉਣ ਲਈ 20 ਅਗਸਤ ਨੂੰ ਲੰਬੀ ਥਾਣੇ ਅੱਗੇ ਦਿੱਤੇ ਜਾ ਰਹੇ ਧਰਨੇ ’ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।
Total Responses : 267