ਸਕੂਲ ਦੇ ਸਟਾਫ ਨੇ ਨਵੇਂ ਬੂਟੇ ਲਗਾਉਣ ਦੇ ਨਾਲ ਹੀ ਪਹਿਲਾ ਲਗਾਏ ਬੂਟਿਆਂ ਨੂੰ 3 ਸਾਲ ਤੱਕ ਸੰਭਾਲਣ ਦਾ ਲਿਆ ਪ੍ਰਣ
ਫਾਜ਼ਿਲਕਾ, 17 ਅਗਸਤ 2020: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰ ਦੇ ਵੇਹੜੇ 'ਚ ਅੱਜ ਵੱਖ-ਵੱਖ ਕਿਸਮਾਂ ਦੇ 10 ਬੂਟੇ ਲਗਾਏ ਗਏ।
ਜਾਣਕਾਰੀ ਦਿੰਦਿਆਂ ਹੈਡ ਟੀਚਰ ਸ਼ਾਲੂ ਗਰੋਵਰ ਅਤੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨ ਪੁਰਾ 'ਨਿੰਮਾ ਵਾਲਾ' ਸਕੂਲ ਜ਼ਿਲ੍ਹਾ ਫਾਜ਼ਿਲਕਾ ਦੇ ਛੋਟੇ ਜਿਹੇ ਵਿਹੜੇ 'ਚ ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਅਧਿਆਪਕਾਂ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਸਦਕਾ ਸਾਨੂੰ ਸਾਫ਼ ਹਵਾ ਤੇ ਸਵੱਛ ਵਾਤਾਵਰਣ ਮਿਲ ਰਿਹਾ ਹੈ।
ਇਸ ਦੌਰਾਨ ਸਕੂਲ 'ਚ ਜੋ ਬੂਟੇ ਪਹਿਲਾਂ ਲਗਾਏ ਹੋਏ ਸਨ ਉਹਨਾਂ ਦੀ ਵੀ ਸਫ਼ਾਈ ਕੀਤੀ ਗਈ। ਇਸ ਮੌਕੇ ਸਕੂਲ ਹੈਡਟੀਚਰ ਸ਼ਾਲੂ ਗਰੋਵਰ ਅਤੇ ਨਿਸ਼ਾਂਤ ਅਗਰਵਾਲ ਨੇ ਆਏ ਹੋਏ ਬੱਚਿਆਂ ਨੂੰ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨ ਦਾ ਪ੍ਰਣ ਕਰਵਾਇਆ। ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਸਕੂਲ 'ਚ ਅੱਜ ਨਿੰਮ, ਜਾਮੁਨ , ਗੁਲਮਰਗ, ਬਕੈਨ, ਸੋਹਾਜਨਾ ਦੇ ਬੂਟੇ ਲਗਾਏ ਗਏ। ਇਸ ਮੌਕੇ ਬੱਚਿਆਂ ਨੇ ਪ੍ਰਣ ਕਰਦੇ ਹੋਏ ਕਿਹਾ ਕਿ ਜਿਹੜੇ ਬੂਟੇ ਅੱਜ ਲਗਾਏ ਗਏ ਹਨ ਜਦੋਂ ਤੱਕ ਉਹ ਵੱਡੇ ਹੋਕੇ ਰੁੱਖ ਨਹੀਂ ਬਣ ਜਾਂਦੇ ਅਸੀਂ ਉਹਨਾਂ ਦੀ ਦੇਖਭਾਲ ਕਰਾਂਗੇ। ਇਸ ਮੌਕੇ ਮੈਡਮ ਸ਼ੀਲਾ ਸ਼ਰਮਾ ਰਿਟਾਇਰਡ ਹੈਡਟੀਚਰ ਸ.ਪ.ਸ ਸੁਲਤਾਨਪੁਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਉਹਨਾਂ ਬੂਟੇ ਵੀ ਲਗਾਏ। ਇਸ ਮੌਕੇ ਸਕੂਲ ਸਟਾਫ ਮੋਨਿਕਾ ਮੌਂਗਾ, ਮਿਡ-ਡੇ-ਮੀਲ ਵਰਕਰ ਸ਼ੇਰੋ ਬਾਈ, ਸੋਮਾ ਰਾਣੀ , ਅਦਿਤੀ ਅਗਰਵਾਲ, ਦਲੀਪ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਕਮਲਜੀਤ, ਕੈਲਾਸ਼ ਰਾਣੀ ਆਦਿ ਨੇ ਬੂਟੇ ਲਗਾਉਣ 'ਚ ਸਹਿਯੋਗ ਕੀਤਾ।