ਆਸਮਾ ਦੀ ਸਫਲਤਾ ਨਾਲ ਜੈਤੋ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ- ਮੁਹੰਮਦ ਸਦੀਕ
ਮਨਿੰਦਰਜੀਤ ਸਿੱਧੂ
ਜੈਤੋ, 05 ਅਗਸਤ 2020: ਹਾਲ ਹੀ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਘੋਸ਼ਿਤ ਭਾਰਤੀ ਸਿਵਲ ਸੇਵਾਵਾਂ ਦੇ ਨਤੀਜਿਆਂ ਵਿੱਚ ਜੈਤੋ ਦੀ ਵਸਨੀਕ ਆਸਮਾ ਗਰਗ ਨੇ ਬਾਜੀ ਮਾਰ ਕੇ ਆਪਣੇ ਮਾਪਿਆਂ ਅਤੇ ਇਲਾਕਾ ਵਾਸੀਆਂ ਦਾ ਸਿਰ ਉੱਚਾ ਕੀਤਾ ਹੈ।ਪਿਛਲੇ ਦੋ ਦਿਨਾਂ ਤੋਂ ਇਲਾਕੇ ਦੇ ਲੋਕਾਂ ਦੁਆਰਾ ਨਿੱਜੀ ਤੌਰ ਅਤੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਆਸਮਾ ਦੀ ਸਫਲਤਾ ਉੱਪਰ ਖੁਸ਼ੀ ਜਾਹਰ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਆਸਮਾ ਨੇ ਜੈਤੋ ਦੇ ਹੀ ਯੂਨੀਵਰਸਿਟੀ ਕਾਲਜ਼ ਤੋਂ 2016 ਵਿੱਚ ਗਰੈਜੂਏਸ਼ਨ ਕੀਤੀ ਸੀ ਅਤੇ ਉਦੋਂ ਤੋਂ ਹੀ ਦਿੱਲੀ ਰਹਿ ਕੇ ਤਿਆਰੀ ਕਰ ਰਹੀ ਸੀ।ਅੱਜ ਫਰੀਦਕੋਟ ਤੋਂ ਐੱਮ.ਪੀ. ਜਨਾਬ ਮੁਹੰਮਦ ਸਦੀਕ ਵਿਸ਼ੇਸ਼ ਤੌਰ ਤੇ ਆਸਮਾ ਦੇ ਘਰ ਪਹੁੰਚ ਕੇ ਉਸਦੇ ਪਰਿਵਾਰ ਨਾਲ ਖੁਸ਼ੀਆਂ ਵਿੱਚ ਸ਼ਰੀਕ ਹੋਏ ਅਤੇ ਮੁਬਾਰਕਬਾਦ ਦਿੱਤੀ।ਮੁਹੰਮਦ ਸਦੀਕ ਨੇ ਕਿਹਾ ਕਿ ਜੈਤੋ ਦੇ ਇਤਿਹਾਸ ਵਿੱਚ ਅੱੱਜ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਲੋਕ ਜੈਤੋ ਨੂੰ ਆਸਮਾ ਦੇ ਸ਼ਹਿਰ ਦੇ ਨਾਮ ਨਾਲ ਜਾਣਿਆ ਕਰਨਗੇ।ਮੁਹੰਮਦ ਸਦੀਕ ਨੇ ਕਿਹਾ ਕਿ ਆਈ.ਏ.ਐੱਸ ਦਾ ਪੇਪਰ ਪਾਸ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਇਸ ਨੂੰ ਪਾਸ ਕਰਨ ਲਈ ਕਠਿਨ ਮਿਹਨਤ ਅਤੇ ਤਪੱਸਿਆ ਕਰਨੀ ਪੈਂਦੀ ਹੈ।ਆਸਮਾ ਦੀ ਸਫਲਤਾ ਨੇ ਇਹ ਵੀ ਸਾਬਿਤ ਕਰ ਦਿੱਤਾ ਕਿ ਜੇਕਰ ਕੁੱਝ ਬਨਣ ਦੀ ਇੱਛਾ ਹੋੇਵੇ ਤਾਂ ਛੋਟੇ ਸ਼ਹਿਰ ਦੇ ਸਕੂਲ ਜਾਂ ਕਾਲਜ਼ ਵਿੱਚ ਪੜ੍ਹ ਕੇ ਵੀ ਬਣਿਆ ਜਾ ਸਕਦਾ ਹੈ। ਆਸਮਾ ਨੇ ਸਾਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਉਹਨਾਂ ਆਸਮਾ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਜਿੰਦਗੀ ਵਿੱਚ ਇਮਾਨਦਾਰੀ ਅਤੇ ਮਿਹਨਤ ਨਾਲ ਹਮੇਸ਼ਾ ਕੰਮ ਕਰਨਾ ਅਤੇ ਦੇਸ਼ ਦੀ ਸੇਵਾ ਕਰਨਾ। ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੱਤਪਾਲ ਡੋਡ, ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦੀ ਟਰੱਕ ਅਪ੍ਰਰੇਟਜ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ, ਪ੍ਰਦੀਪ ਗਰਗ ਮਲੋਟ ਵਾਲੇ, ਸੁਖਪਾਲ ਸਿੰਘ ਪਾਲੀ ਕੋਠੇ ਕੇਹਰ ਸਿੰਘ ਵਾਲੇ, ਸਕੱਤਰ ਮੇਹਰ ਸਿੰਘ ਕਰੀਰਵਾਲੀ, ਸੰਦੀਪ ਰੋਮਾਣਾ, ਲਵਪ੍ਰੀਤ ਚੈਨਾ ਆਦਿ ਹਾਜਰ ਸਨ।