19 ਐਫਆਈਆਰ ਕੀਤੀਆਂ ਦਰਜ, 30 ਤੋਂ ਵੱਧ ਕਰੱਸ਼ਰ ਸੀਲ, ਕਈ ਟਿੱਪਰ, ਟਰਾਲੀਆਂ ਅਤੇ ਖੁਦਾਈ ਵਾਲੇ ਉਪਕਰਨ ਕੀਤੇ ਜ਼ਬਤ
7 ਮਹੀਨਿਆਂ ਦੀ ਮਿਆਦ ਵਿਚ ਵਾਤਾਵਰਨ ਨੁਕਸਾਨ ਭਰਪਾਈ ਸਬੰਧੀ 67 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ- ਗਿਰੀਸ਼ ਦਿਆਲਨ
ਐਸ ਏ ਐਸ ਨਗਰ, 19 ਅਗਸਤ 2020: ਜ਼ਿਲ੍ਹੇ ਵਿੱਚ ਮਾਈਨਿੰਗ ਦੀਆਂ ਗਤੀਵਿਧੀਆਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਅਪਣਾਈ ਗਈ ਹੈ। ਉਹਨਾਂ ਕਿਹਾ, “ਅਸੀਂ ਇਹਨਾਂ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠ ਰਹੇ ਹਾਂ ਅਤੇ ਜ਼ਿਲ੍ਹੇ ਵਿੱਚ ਅਜਿਹੀ ਕੋਈ ਵੀ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ।”
ਜਨਵਰੀ 1 ਤੋਂ 15 ਅਗਸਤ ਦੌਰਾਨ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਖ਼ਿਲਾਫ਼ ਆਰੰਭੀ ਕਾਰਵਾਈ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਜਰੀ ਅਤੇ ਮੁਬਾਰਕਪੁਰ ਖੇਤਰ ਵਿੱਚ 19 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 30 ਤੋਂ ਵੱਧ ਕਰੱਸ਼ਰ ਸੀਲ ਕੀਤੇ ਗਏ ਹਨ। ਕਈ ਟਿੱਪਰਾਂ, ਟਰਾਲੀਆਂ ਅਤੇ ਖੁਦਾਈ ਕਰਨ ਵਾਲੇ ਉਪਕਰਨਾਂ ਨੂੰ ਜ਼ਬਤ ਕਰਨ ਦੇ ਨਾਲ ਨਾਲ ਡਿਫਾਲਟਰਾਂ 'ਤੇ 67 ਕਰੋੜ ਰੁਪਏ ਦੇ ਵਾਤਾਵਰਨ ਨੁਕਸਾਨ ਭਰਪਾਈ ਸਬੰਧੀ ਜੁਰਮਾਨੇ ਲਗਾਏ ਹਨ ਅਤੇ ਰਿਕਵਰੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਸ੍ਰੀ ਦਿਆਲਨ ਨੇ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਦੀ ਚੁਣੌਤੀ ਦੇ ਬਾਵਜੂਦ, ਸਾਰੀਆਂ ਨਿਰੀਖਣ ਟੀਮਾਂ ਸਰਗਰਮ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰਸ਼ਾਸਨ ਇਸ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਪੂਰੀ ਸਖਤੀ ਨਾਲ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਮਹੱਤਵਪੂਰਨ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਹਨ ਅਤੇ ਇਹਨਾਂ ਦੀ ਜੀਓ-ਫੈਨਸਿੰਗ ਵੀ ਪ੍ਰਕਿਰਿਆ ਅਧੀਨ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਗੈਰ-ਕਾਨੂੰਨੀ ਮਾਇਨਿੰਗ ਦੀ ਸੂਹ ਦੇਣ ਵਾਲਿਆਂ ਨੂੰ ਪੂਰੀ ਸੁਰੱਖਿਆ ਦਿੰਦਾ ਹੈ, ਇਸ ਲਈ ਲੋਕ ਅਜਿਹੀਆਂ ਗਤੀਵਿਧੀਆਂ ਦੀ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ, ਜਨਰਲ ਏਡੀਸੀ (ਜੀ) ਨੂੰ ਕਰ ਸਕਦੇ ਹਨ ਜੋ ਨੋਡਲ ਅਧਿਕਾਰੀ ਹਨ ਅਤੇ ਜ਼ਿਲੇ ਵਿਚ ਮਾਈਨਿੰਗ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ 'ਤੇ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਅਤੇ ਫਿਲਹਾਲ ਕੋਈ ਵੱਡੀ ਸ਼ਿਕਾਇਤ ਲੰਬਿਤ ਨਹੀਂ ਹੈ। ਉਹਨਾਂ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਤੁਰੰਤ ਐਫਆਈਆਰ ਰਜਿਸਟਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।