ਜੀ ਐਸ ਪੰਨੂ
- ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਜਲਦੀ ਹੋਵੇਗੀ ਨਵੀਂ ਭਰਤੀ - ਮੁੱਖ ਮੰਤਰੀ
ਪਟਿਆਲਾ, 8 ਅਗਸਤ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਪਾਤੜਾਂ ਇਲਾਕੇ 'ਚ ਪਬਲਿਕ ਲਾਇਬਰੇਰੀ ਖੋਲ੍ਹਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਕੂਲ ਸਿੱਖਿਆ ਵਿਭਾਗ ਨੂੰ ਕਿਹਾ ਜਾਵੇਗਾ। ਮੁੱਖ ਮੰਤਰੀ ਅੱਜ ਸ਼ਾਮ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ 'ਮਿਸ਼ਨ ਫ਼ਤਿਹ' ਦੌਰਾਨ ਆਪਣੇ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੇ 14ਵੇਂ ਐਡੀਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਪਟਿਆਲਾ ਦੇ ਜ਼ਿਲ੍ਹੇ ਦੇ ਵਸਨੀਕ ਗੈਰੀ ਸਿੰਘ ਵੱਲੋਂ ਪਾਤੜਾਂ ਵਿਖੇ ਪਬਲਿਕ ਲਾਇਬ੍ਰੇਰੀ ਬਣਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪਟਿਆਲਾ ਜਾਣਾ ਪੈਂਦਾ ਹੈ, ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ, ਬਾਰੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਤੜਾਂ ਦੇ ਕਿਸੇ ਵੱਡੇ ਸਕੂਲ 'ਚ ਅਜਿਹੀ ਲਾਇਬਰੇਰੀ ਖੋਲ੍ਹਣ ਲਈ ਤਜਵੀਜ ਤਿਆਰ ਕਰਨ ਲਈ ਸਿੱਖਿਆ ਵਿਭਾਗ ਨੂੰ ਆਖਿਆ ਜਾਵੇਗਾ।
ਇਸੇ ਤਰ੍ਹਾਂ ਹੀ ਪਟਿਆਲਾ ਦੇ ਵਿਲੀਅਮ ਜੀਤ ਸਿੰਘ ਵੱਲੋਂ ਐਸ.ਐਸ.ਐਸ. ਬੋਰਡ ਵੱਲੋਂ ਪਟਵਾਰੀਆਂ ਦੀਆਂ ਅਸਾਮੀਆਂ ਦੀ ਭਰਤੀ ਸਬੰਧੀਂ ਇਸ਼ਤਿਹਾਰ ਜਾਰੀ ਨਾ ਹੋਣ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਨੇ ਫੈਸਲਾ ਕੀਤਾ ਸੀ ਕਿ ਅਗਲੀ ਭਰਤੀ ਕੇਂਦਰੀ ਸਕੇਲਾਂ 'ਤੇ ਹੋਵੇਗੀ, ਜਿਸ ਕਰਕੇ ਇਸ 'ਚ ਦੇਰੀ ਹੋਈ ਹੈ, ਹੁਣ ਇਸ ਲਈ ਨਵੇਂ ਨਿਯਮ ਬਣ ਰਹੇ ਹਨ, ਜਿਨ੍ਹਾਂ ਨੂੰ ਜਲਦੀ ਹੀ ਐਸ.ਐਸ.ਐਸ. ਬੋਰਡ ਨੂੰ ਭੇਜਕੇ ਨਵੀਂ ਭਰਤੀ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ।
ਜਦੋਂਕਿ ਪਟਿਆਲਾ 'ਚ ਬਿਜਲੀ ਦੇ ਬਿਲ ਭਰਨ ਲਈ ਲਗਦੀਆਂ ਲੰਬੀਆਂ ਲਾਈਨਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾਂ ਨਾ ਕੀਤੇ ਜਾਣ ਬਾਰੇ ਪਟਿਆਲਾ ਦੇ ਸਤਨਾਮ ਸਿੰਘ ਵੱਲੋਂ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਗ਼ਲਤ ਗੱਲ ਹੈ, ਇਸ ਬਾਰੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਸੀ.ਐਮ.ਡੀ. ਨੂੰ ਸੂਚਿਤ ਕੀਤਾ ਜਾਵੇਗਾ ਤਾਂ ਕਿ ਬਿਜਲੀ ਨਿਗਮ ਦੇ ਦਫ਼ਤਰਾਂ ਵਿਚ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦਾ ਪਾਲਣ ਕਰਨ ਲਈ ਉਚਿਤ ਪ੍ਰਬੰਧ ਕੀਤੇ ਜਾਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਕੈਪਟਨ ਨੂੰ ਸਵਾਲ' ਫੇਸਬੁਕ ਲਾਇਵ ਪ੍ਰੋਗਰਾਮ 'ਚ ਕੋਵਿਡ-19 ਮਹਾਂਮਾਰੀ ਦੇ ਫੈਲਣ 'ਤੇ ਚਿੰਤਾ ਜਾਹਰ ਕਰਦਿਆਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਨਿਯਮਾਂ ਦੀ ਪਾਲਣਾਂ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਨਾ ਥੁੱਕਿਆ ਜਾਵੇ, ਮਾਸਕ ਪਾਇਆ ਜਾਵੇ, ਆਪਸੀ ਦੂਰੀ ਰੱਖੀ ਜਾਵੇ ਅਤੇ ਹੱਥ ਵਾਰ-ਵਾਰ ਧੋਏ ਜਾਣ।