ਹਰੀਸ਼ ਕਾਲੜਾ
ਸ੍ਰੀ ਚਮਕੌਰ ਸਾਹਿਬ, 2 ਅਗਸਤ 2020 - ਮਿਸ਼ਨ ਫਤਿਹ ਤਹਿਤ ਮਾਨਯੋਗ ਮੁੱਖ ਮੰਤਰੀ, ਪੰਜਾਬઠ ਵਲੋਂ ਕੀਤੀ ਗਈ ਅਪੀਲ ਦੇ ਸਨਮੁੱਖ ਸ੍ਰੀ ਚਮਕੌਰ ਸਾਹਿਬ ਸ਼ਹਿਰ ਦੇ ਸਮੂਹ ਮਠਿਆਈ ਦੁਕਾਨਦਾਰਾਂ ਵਲੋਂ ਗ੍ਰਾਹਕਾਂ ਨੂੰ ਮਿਠਾਈ ਦੇ ਡੱਬੇ ਨਾਲ ਇੱਕ-ਇੱਕ ਮਾਸਕ ਵੰਡੇ ਗਏ। ਇਸੇ ਤਰ੍ਹਾਂ ਰੱਖੜੀਆਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਵੀ ਗ੍ਰਾਹਕਾਂ ਨੂੰ ਰੱਖੜੀਆਂ ਦੇ ਨਾਲ-ਨਾਲ ਮੁਫਤ ਵਿੱਚ ਮਾਸਕ ਵੰਡੇ ਗਏ। ਸ਼ਹਿਰ ਦੇ ਸਵੀਟ ਸ਼ਾਪ ਮਾਲਕਾਂ ਵਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਕਰੋਨਾ ਬਿਮਾਰੀ ਦੀ ਰੋਕਥਾਮ ਵਿੱਚ ਹਰੇਕ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਔਖੇ ਸਮੇਂ ਵਿੱਚ ਮਾਸਕ ਦੀ ਵਰਤੋਂ ਕਰਨਾ ਬੇਹੱਦ ਜਰੂਰੀ ਹੈ ਤੇ ਇਸੇ ਕਰਕੇ ਮਾਨਯੋਗ ਮੁੱਖ ਮੰਤਰੀ ਵਲੋਂ ਮਿਸ਼ਨ ਫਤਹਿ ਤਹਿਤ ਕੀਤੀ ਗਈ ਅਪੀਲ ਸਦਕਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵਲੋਂ ਮਿਠਾਈ ਦੇ ਡੱਬਿਆਂ ਅਤੇ ਰੱਖੜੀਆਂ ਦੇ ਨਾਲ ਮੁਫਤ ਵਿੱਚ ਮਾਸਕ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ 02 ਅਗਸਤ ਤੋਂ ਮੁਫਤ ਮਾਸਕਾਂ ਦੀ ਵੰਡ ਕੀਤੀ ਜਾ ਰਹੀ ਹੈ ਜੋ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਤੇ ਸ੍ਰੀ ਹਰਬੰਸ ਸਿੰਘ, ਉਪ ਮੰਡਲ ਮੈਜਿਸਟਰੇਟ, ਸ੍ਰੀ ਚਮਕੌਰ ਸਾਹਿਬ ਵਲੋਂ ਦੁਕਾਨਦਾਰਾਂ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਗਈ। ਕਰੋਨਾ ਮਹਾਂਵਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ, ਪ੍ਰੰਤੂ ਇਸ ਤੇ ਫਤਹਿ ਪਾਉਣ ਲਈ ਲੋਕਾਂ ਦੇ ਪੂਰਨ ਸਹਿਯੋਗ ਦੀ ਲੋੜ ਹੈੇ। ਸਮਾਜ ਦੇ ਹਰ ਵਰਗ ਨੂੰ ਆਪਣਾ ਫਰਜ਼ ਮੰਨਦੇ ਹੋਏ, ਸਰਕਾਰ ਵਲੋਂ ਜੋ-ਜੋ ਦਿਸ਼ਾ-ਨਿਰਦੇਸ਼ ਕਰੋਨਾ ਵਾਇਰਸ ਦੀ ਮਹਾਂਮਾਰੀ ਸਬੰਧੀ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
ਆਮ ਜਨਤਾ ਨੂੰ ਅਪੀਲ ਹੈ ਕਿ ਜਰੂਰੀ ਕੰਮ ਹੋਣ ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਿਆਂ ਜਾਵੇ ਅਤੇ ਜਨਤਕ ਸਥਾਨਾਂ ਤੇ ਸਮਾਜਿਕ ਦੂਰੀ ਘੱਟੋ-ਘੱਟ 2 ਗਜ਼ ਦੀ ਬਣਾਕੇ ਰੱਖੀ ਜਾਵੇ। ਮਾਸਕ ਦੀ ਵਰਤੋਂ ਕੀਤੀ ਜਾਵੇ। ਹੱਥਾਂ ਨੂੰ ਦਿਨ ਵਿੱਚ ਵਾਰ-ਵਾਰ ਘੱਟੋ-ਘੱਟ 20 ਸੈਕਿੰਡ ਲਈ ਸਾਬਣ ਨਾਲ ਸਾਫ ਕੀਤਾ ਜਾਵੇ ਜਾਂ ਸੈਨੀਟਾਈਜ਼ਰ ਦੇ ਨਾਲ ਸਾਫ ਕੀਤਾ ਜਾਵੇ। ਇਸ ਤੋਂ ਇਲਾਵਾ ਆਪਣੇ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਆਦਿ ਜਿਨ੍ਹਾਂ ਤੇ ਵਾਰ-ਵਾਰ ਹੱਥ ਲੱਗਦਾ ਹੈ, ਉਨ੍ਹਾਂ ਨੂੰ ਵੀ ਸੈਨੀਟਾਈਜ਼ਰ ਕੀਤਾ ਜਾਣਾ ਜਰੂਰੀ ਹੈ। ਜੇਕਰ ਅਸੀਂ ਅਜਿਹਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਸ ਕਰੋਨਾ ਦੀ ਹਾਰ ਅਤੇ ਆਮ ਜਨਤਾ ਦੀ ਫਤਹਿ ਹੋਣੀ ਨਿਸ਼ਚਿਤ ਹੈ।