ਸੰਘ ਦਾ ਅਗਲਾ ਨਿਸ਼ਾਨਾ ਦੇਸ਼ ਦੇ ਸੰਵਿਧਾਨ ਅੰਦਰਲੇ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਸੰਕਲਪਾਂ ਉਤੇ
ਸਿੱਖ ਪੰਥ ਨੂੰ ਇਸ ਸਮਾਗਮ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਜਲੰਧਰ, 4 ਅਗਸਤ 2020: ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਲ ਨੂੰ ਰਾਮ ਮੰਦਰ ਦੀ ਉਸਾਰੀ ਆਰੰਭ ਕਰਨ ਮੌਕੇ 'ਭੂਮੀ ਪੂਜਨ' ਲਈ ਆਯੁਧਿਆ ਜਾਣ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਸੰਵਿਧਾਨਕ ਤੌਰ ਤੇ ਇਕ ਧਰਮ ਨਿਰਪੱਖ ਦੇਸ਼ ਦੀ ਸਰਕਾਰ ਨੂੰ ਅਸੂਲਨ ਅਪਣੇ ਆਪ ਨੂੰ ਹਰ ਕਿਸਮ ਦੀਆਂ ਧਾਰਮਿਕ ਸਰਗਰਮੀਆਂ ਤੋਂ ਪੂਰੀ ਤਰ੍ਹਾਂ ਅਲੱਗ ਰਹਿਣਾ ਚਾਹੀਦਾ ਹੈ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਪਾਰਟੀ ਨੂੰ ਰਾਮ ਮੰਦਰ ਦੀ ਉਸਾਰੀ ਉਤੇ ਕੋਈ ਇਤਰਾਜ਼ ਨਹੀਂ, ਪਰ ਇਹ ਕਾਰਜ ਸੁਪਰੀਮ ਕੋਰਟ ਵਲੋਂ ਨਾਮਜ਼ਦ ਕੀਤੇ ਟਰਸਟ ਦੀ ਦੇਖ ਰੇਖ ਵਿੱਚ ਹੀ ਹੋਣਾ ਚਾਹੀਦਾ ਹੈ। ਜਦੋਂ ਕਿ ਬੀਜੇਪੀ ਅਪਣੇ ਸੌੜੇ ਤੇ ਫਿਰਕੂ ਸੁਆਰਥਾਂ ਦੀ ਪੂਰਤੀ ਲਈ ਗਿਣ ਮਿਥ ਕੇ 5 ਅਗਸਤ ਨੂੰ, ਦੇਸ਼ ਦੇ ਆਜ਼ਾਦੀ ਦਿਹਾੜੇ 15 ਅਗਸਤ ਦੇ ਮੁਕਾਬਲੇ ਫਿਰਕੂ ਫਾਸੀਵਾਦ ਦੀਆਂ ਪ੍ਰਾਪਤੀਆਂ ਦੇ ਇਕ ਵਿਸ਼ੇਸ਼ ਦਿਨ ਵਜੋਂ ਉਭਾਰ ਰਹੀ ਹੈ। ਪਿਛਲੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਤੇ 35-ਏ ਖਤਮ ਕਰਕੇ ਰਿਆਸਤ ਨੂੰ ਦੋ ਹਿੱਸਿਆਂ ਵਿੱਚ ਵੰਡਣ ਤੇ ਯੂਟੀ ਬਣਾ ਦੇਣ ਦਾ ਗੈਰ ਸੰਵਿਧਾਨਕ ਤੇ ਮਨਮਾਨਾ ਫੈਸਲਾ ਅਮਲ ਵਿੱਚ ਲਿਆਂਦਾ ਗਿਆ ਅਤੇ ਇਸ 5 ਅਗਸਤ ਨੂੰ ਆਯੁਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਆਰੰਭ ਕਰਨ ਦਾ। ਇੰਝ ਕਰਕੇ ਸੰਘ-ਬੀਜੇਪੀ ਵਲੋਂ ਦੇਸ਼ ਵਿੱਚ ਫਿਰਕੂ ਧਰੁਵੀਕਰਨ ਨੂੰ ਤਿੱਖਾ ਕਰਨ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਖੌਤੀ ਹਿੰਦੂ ਰਾਸ਼ਟਰ ਦੇ ਅਪਣੇ ਫਾਸੀਵਾਦੀ ਟੀਚੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਦੇ ਲਈ ਉਹ ਪ੍ਰਧਾਨ ਮੰਤਰੀ ਵਰਗੇ ਪ੍ਰਮੁੱਖ ਸੰਵਿਧਾਨਕ ਅਹੁਦੇ ਦੀ ਖੁੱਲ੍ਹੀ ਦੁਰਵਰਤੋਂ ਕਰਨ ਤੋਂ ਵੀ ਕੋਈ ਗੁਰੇਜ਼ ਨਹੀਂ ਕਰ ਰਹੇ। ਪਰ ਦੇਸ਼ ਅੰਦਰਲੀਆਂ ਸਾਰੀਆਂ ਧਾਰਮਿਕ ਤੇ ਕੌਮੀ ਘੱਟ ਗਿਣਤੀਆਂ, ਜਾਗਰੂਕ ਦਲਿਤ ਭਾਈਚਾਰਾ ਅਤੇ ਖੱਬੀਆਂ ਜਮਹੂਰੀ, ਧਰਮ ਨਿਰਪੱਖ ਤੇ ਇਨਸਾਫ ਪਸੰਦ ਸ਼ਕਤੀਆਂ ਇਸ ਵਰਤਾਰੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੀਆਂ ਹਨ, ਕਿਉਂਕਿ ਅਜਿਹੀ ਹਾਲਤ ਵਿੱਚ ਦੇਸ਼ ਦੀ ਕੌਮੀ ਇਕਜੁੱਟਤਾ ਅਤੇ ਧਰਮ ਨਿਰਪੱਖ ਤੇ ਜਮਹੂਰੀ ਖਾਸੇ ਨੂੰ ਬਰਕਰਾਰ ਰੱਖ ਸਕਣਾ ਸੰਭਵ ਨਹੀਂ ਹੋਵੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿਚੋਂ 'ਧਰਮ ਨਿਰਪੱਖ ਅਤੇ ਸਮਾਜਵਾਦ' ਨੂੰ ਖਾਰਜ ਕਰਨ ਸਬੰਧੀ ਸੁਪਰੀਮ ਕੋਰਟ ਵਿੱਚ ਪਾਈ ਗਈ ਇਕ ਪਟੀਸ਼ਨ ਤੋਂ ਜ਼ਾਹਰ ਹੈ ਕਿ ਸੰਘ ਵਲੋਂ ਅਪਣਾ ਅਗਲਾ ਨਿਸ਼ਾਨਾ ਸਾਡੇ ਸੰਵਿਧਾਨ ਅੰਦਰਲੇ ਆਧੁਨਿਕ ਸੰਕਲਪਾਂ ਨੂੰ ਹੀ ਬਣਾਇਆ ਜਾਵੇਗਾ। ਇੰਨਾਂ ਮਾੜੇ ਇਰਾਦਿਆਂ ਬਾਰੇ ਜਨਤਾ ਨੂੰ ਤੁਰੰਤ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਲਿਬਰੇਸ਼ਨ ਆਗੂਆਂ ਨੇ ਇਸ ਮੁੱਦੇ 'ਤੇ ਕਾਂਗਰਸ ਪਾਰਟੀ ਦੀ ਫਿਰਕੂ ਦੋਗਲੀ ਤੇ ਡਾਵਾਂਡੋਲ ਪੁਜ਼ੀਸ਼ਨ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਦੋਗਲਾਪਨ ਇਸ ਪ੍ਰਮੁੱਖ ਵਿਰੋਧੀ ਪਾਰਟੀ ਨੂੰ ਨੇੇੇੜ ਭਵਿੱਖ ਵਿੱਚ ਹੋਰ ਵੱਡਾ ਖੋਰਾ ਲਾਵੇਗਾ। ਕਮਿਉਨਿਸਟ ਆਗੂਆਂ ਨੇ ਸਿੱਖ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਜ਼ੋੋੋਰਦਾਰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਆਰਐਸਐਸ ਦੇ ਰੀਮੋਟ ਕੰਟਰੋਲ ਵਾਲੇ ਇਸ ਸਮਾਗਮ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਇੰਦਰਾ ਗਾਾਂਧੀ ਵਲੋਂ ਦੇਸ਼ ਉਤੇ ਮੜ੍ਹੀ ਬਦਨਾਮ ਐਮਰਜੈਂਸੀ ਖਿਲਾਫ ਉਸ ਵਕਤ ਅਕਾਲੀ ਦਲ ਵਲੋਂ ਮੋਹਰੀ ਰੋਲ ਨਿਭਾਇਆ ਗਿਆ ਸੀ। ਹੁਣ ਸੰਘ - ਬੀਜੇਪੀ ਵਲੋਂ ਜਿਵੇਂ 'ਇਕ ਦੇਸ਼ ਇਕ ਭਾਸ਼ਾ, ਇਕ ਕਾਨੂੰਨ ਇਕ ਟੈਕਸ' ਦੇ ਨਾਹਰੇ ਤਹਿਤ ਦੇਸ਼ ਅੰੰਦਰ ਫੈਡਰਲ ਢਾਂਚੇ, ਧਾਰਮਿਕ ਆਜ਼ਾਦੀ ਅਤੇ ਕੌਮੀ ਖੁਦਮੁਖਤਾਰੀ ਦਾ ਖਾਤਮਾ ਕੀਤਾ ਜਾ ਰਿਹਾ ਹੈ। ਜਿਵੇਂ ਤਾਕਤਾਂ ਦਾ ਵਿਕੇਂਦਰੀਕਰਨ ਕਰਨ ਦੀ ਬਜਾਏ ਸੂਬਿਆਂ ਨੂੰ ਪੂਰੀ ਤਰ੍ਹਾਂ ਮਿਉਂਸਪਲ ਕਮੇਟੀਆਂ ਬਣਾਇਆ ਜਾ ਰਿਹਾ ਹੈ। ਉਸ ਦੇ ਖਿਲਾਫ਼ ਦੇਸ਼ ਭਰ ਵਿੱਚ ਉਭਰ ਰਹੇ ਜਮਹੂਰੀ ਅੰੰਦੋਲਨ ਵਿੱਚ ਵੀ ਸਿੱਖ ਭਾਈਚਾਰੇ ਨੂੰ ਮੁੁੜ ਇਕ ਇਤਿਹਾਸਕ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।