ਲੋਕਾਂ ਦੇ ਸਵਾਲਾਂ ਦੇ ਦਿੱਤੇ ਜਵਾਬ
‘ਸੁਚੇਤ ਰਹੋ, ਕਰੋਨਾ ਤੋਂ ਬਚੋ’ ਦਾ ਦਿੱਤਾ ਸੁਨੇਹਾ
ਕਿਹਾ, ਹਾਲਾਤ ਆਮ ਵਰਗੇ ਤਾਂ ਹੀ ਹੋਣਗੇ ਜਦ ਜਾਗਰੂਕਤਾ ਮੁਹਿੰਮ ਲੋਕ ਲਹਿਰ ਦਾ ਰੂਪ ਧਾਰਨ ਕਰ ਲਵੇਗੀ
ਐਸ.ਏ.ਐਸ. ਨਗਰ, 05 ਅਗਸਤ 2020: ਲੋਕਾਂ ਨੂੰ ਕੋਵਿਡ-19 ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬੁੱਧਵਾਰ ਸ਼ਾਮ 7 ਵਜੇ ਫੇਸਬੁੱਕ ‘ਤੇ ਲਾਈਵ ਸੰਬੋਧਨ ਕੀਤਾ।
ਆਪਣੇ ਸੰਬੋਧਨ ਦੌਰਾਨ ਉਹਨਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹੇ ਵਿਚ ਕੋਵਿਡ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਸਾਹਮਣੇ ਆਏ 62 ਨਵੇਂ ਕੇਸਾਂ ਨਾਲ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 1051 ਹੋ ਗਈ ਹੈ ਅਤੇ ਇਸ ਵਿਚੋਂ 445 ਐਕਟਿਵ ਹਨ ਤੇ 589 ਠੀਕ ਹੋ ਗਏ ਹਨ ਜਦਕਿ 17 ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ Contact Tracing ਭਾਵ ਪਾਜੇਟਿਵ ਆਏ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਤੇ ਸੈਂਪਲਿੰਗ ‘ਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਜਾਗਰੂਕਤਾ ਗਤੀਵਿਧੀਆਂ ਵੀ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਨੇ ਕੋਵਿਡ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਨ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮੰਤਵ ਲਈ ਸਰਕਾਰ ਵਲੋਂ “ਇਤਿਹਾਸ” ਨਾਮਕ ਸਾਫਟਵੇਅਰ ਕੋਵਾ ਐਪ ‘ਤੇ ਜੋੜਿਆ ਜਾ ਰਿਹਾ ਹੈ ਜਿਸ ਰਾਹੀਂ ਸੰਕਰਮਿਤ ਵਿਅਕਤੀ ਵਲੋਂ ਪਿਛਲੇ ਦਿਨਾਂ ਦੌਰਾਨ ਕੀਤੀਆਂ ਗਤੀਵਿਧੀਆਂ ਦਾ ਵੇਰਵਾ ਪਤਾ ਲੱਗ ਜਾਵੇਗਾ ਅਤੇ ਉਸ ਦੇ ਸੰਪਰਕ ਵਾਲੇ ਵਿਅਕਤੀਆਂ ਦੀ ਸ਼ਨਾਖਤ ਛੇਤੀ ਸੰਭਵ ਹੋਵੇਗੀ।
ਉਹਨਾਂ ਦੱਸਿਆ ਕਿ ਪ੍ਰਸਾਸ਼ਨ ਵਲੋਂ ਨਿਰੀਖਣ ਟੀਮਾਂ, ਕੰਨਟੇਨਮੈਂਟ ਜੋਨ ਆਦਿ ਬਣਾ ਕੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਕੇਅਰ ਸੈਂਟਰਾਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਕੋਵਿਡ ਮਰੀਜ਼ ਜੋ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਹੁੰਦੇ ਹਨ ਉਹਨਾਂ ਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ ਪਰ ਅੱਜ ਕੱਲ ਦੇਖਣ ਵਿਚ ਆ ਰਿਹਾ ਹੈ ਕਿ ਦੁਨੀਆਂ ਵਿਚ ਕੋਰੋਨਾ ਦੇ ਵੱਧ ਰਹੇ ਮਾਮਲੇ ਅਤੇ ਮੌਤਾਂ ਦਾ ਇਕ ਕਾਰਨ ਕੋਵਿਡ ਦਾ ਇਲਾਜ ਸਮੇਂ ਸਿਰ ਨਾ ਕਰਵਾਉਣਾ ਤੇ ਅਣਗਿਹਲੀ ਵਰਤਣਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਨੂੰ ਕਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਨੇੜਲੇ ਹਸਪਤਾਲ ਜਾਂ ਮੈਡੀਕਲ ਹੈਲਪਲਾਈਨ ਨੰਬਰ 104 ‘ਤੇ ਸੰਪਰਕ ਕਰੇ। ‘ਸੁਚੇਤ ਰਹੋ, ਕਰੋਨਾ ਤੋਂ ਬਚੋ’ ਦਾ ਸੁਨੇਹਾ ਦਿੰਦਿਆਂ ਉਹਨਾਂ ਕਿਹਾ ਕਿ ਸਾਵਾਧਾਨੀ ਵਰਤ ਕੇ ਹੀ ਇਸ ਮਹਾਂਮਾਰੀ ਨਾਲ ਲੜਿਆ ਜਾ ਸਕਦਾ ਹੈ।
ਉਹਨਾਂ ਅਪੀਲ ਕੀਤੀ ਕਿ ਸਿਹਤ ਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਿਸ਼ਨ ਫਤਿਹ ਵਾਰੀਅਰ ਬਣ ਕੇ ਆਪ ਵੀ ਸੁਚੇਤ ਰਿਹਾ ਜਾਵੇ ਅਤੇ ਦੂਜਿਆਂ ਨੂੰ ਵੀ ਸੁਚੇਤ ਕੀਤਾ ਜਾਵੇ।
ਰਣਜੋਧ ਸਿੰਘ ਵਲੋਂ ਕੋਵਿਡ ਦੇ ਚਲਦਿਆਂ ਨੌਕਰੀ ਚਲੀ ਜਾਣ ਅਤੇ ਆਪਣੇ ਕਾਰੋਬਾਰ ਲਈ ਸਰਮਾਇਆ ਨਾ ਹੋਣ ਕਾਰਨ ਪ੍ਰਸ਼ਾਸਨ ਤੋਂ ਮੰਗੇ ਸਹਿਯੋਗ ਸਬੰਧੀ ਸਵਾਲ ਦਾ ਉਤਰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਵਲੋਂ ਉਹਨਾਂ ਪਾਸ ਰਜਿਸਟਰਡ ਬੇਰੋਜ਼ਗਾਰ ਨੌਜਵਾਨਾਂ ਦੀ ਲਗਾਤਾਰ ਕੌਂਸਲਿੰਗ ਕੀਤੀ ਜਾ ਰਹੀ ਹੈ ਅਤੇ ਉਮੀਦਵਾਰ ਦੀ ਵਿਦਿਅਕ ਯੋਗਤਾ ਅਨੁਸਾਰ ਨੌਕਰੀ ਦਵਾਉਣ ਵਿਚ ਮਦਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਡੀਬੀਈਈ ਵਲੋਂ ਜ਼ਿਲ੍ਹੇ ਵਿਚ ਹੁਣ ਤੱਕ ਕਈ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਸਤੰਬਰ ਮਹੀਨੇ ਦੌਰਾਨ ਆਨਲਾਈਨ ਇੰਟਰਵਿਊ ਦੇ ਜ਼ਰੀਏ ਰੋਜ਼ਗਾਰ ਮੇਲਿਆਂ ਦਾ ਵੀ ਆਯੋਜਨ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਰੋਜ਼ਾਗਰ ਉਤਪਤੀ ਤੇ ਸਿਖਲਾਈ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਰੋਜ਼ਗਾਰ ਬਿਓਰੋ ਵੱਲੋਂ ਬੈਂਕਾਂ ਪਾਸੋਂ ਸਵੈ-ਰੋਜ਼ਗਾਰ ਲਈ ਕਰਜ਼ਾ ਲੈਣ ਵਿਚ ਵੀ ਮਦਦ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬੈਂਕਾਂ (ਪਬਲਿਕ ਅਤੇ ਪ੍ਰਾਇਵੇਟ ਦੋਵੇਂ ਖੇਤਰਾਂ ਦੇ ਬੈਂਕਾਂ) ਨੂੰ ਸਪੱਸ਼ਟ ਹਦਾਇਤਾਂ ਹਨ ਕਿ ਉਹ ਸਵੈ-ਰੋਜ਼ਗਾਰ ਦੇ ਇਛੁੱਕ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਰਜ਼ੇ ਮੁਹੱਈਆ ਕਰਵਾਉਣ।
ਗੁਰਬਚਨ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਵ ਸਮਾਗਮਾਂ ਨੂੰ ਮਨਾਉਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕੋਵਿਡ ਦੇ ਫੈਲਾਅ ਦੇ ਖਤਰੇ ਕਾਰਨ ਵੱਡੇ ਇਕੱਠ ਵਾਲੇ ਸਮਾਗਮ ਨਹੀਂ ਕੀਤੇ ਜਾ ਰਹੇ ਪਰ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ‘ਤੇ ਬੱਚਿਆਂ ਦੇ ਆਨਲਾਈਨ ਗੀਤ ਗਾਇਨ, ਸ਼ਬਦ ਗਾਇਨ, ਚਿੱਤਰਕਾਰੀ ਆਦਿ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਹਰ ਪਿੰਡ ਦੀ ਪੰਚਾਇਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਵ ਨੂੰ ਸਮਰਪਿਤ 400 ਬੂਟੇ ਹਰ ਪਿੰਡ ਵਿਚ ਲਗਾਉਣ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੇਂਗੂ ਅਤੇ ਮਲੇਰੀਏ ਦੇ ਫੈਲਾਅ ਨੂੰ ਰੋਕਣ ਲਈ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ।
ਅੰਕੁਰ ਜੋਸ਼ੀ ਵਾਸੀ ਮੋਹਾਲੀ ਵਲੋਂ ਪੰਜਾਬੀ ਗੀਤਾਂ ਦੀ ਵੀਡੀਓ ਸ਼ੂਟਿੰਗ ਲਈ ਲੋੜੀਂਦੀ ਇਜ਼ਾਜਤ ਲੈਣ ਲਈ ਪੁੱਛੇ ਸਵਾਲ ਬਾਰੇ ਸ੍ਰੀਮਤੀ ਜੈਨ ਨੇ ਦੱਸਿਆ ਸ਼ੂਟਿੰਗ ਕਰਨ ਦੇ ਇੱਛੁਕ ਆਪਣਾ ਬਿਨੈ ਪੱਤਰ ਈ-ਮੇਲ ਜਾਂ ਡਾਕ ਰਾਹੀਂ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਪੁੱਜਦਾ ਕਰ ਸਕਦੇ ਹਨ। ਬਿਨੈ ਪੱਤਰ ਵਿਚ ਸ਼ੂਟਿੰਗ ਦੀ ਤਾਰੀਖ ਅਤੇ ਉਸ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਬਾਰੇ ਦੱਸਣਾ ਜਰੂਰੀ ਹੈ। ਇਸ ਉਪਰੰਤ ਪ੍ਰਸ਼ਾਸਨ ਵਲੋਂ ਇਸ ਸ਼ਰਤ ‘ਤੇ ਸ਼ੂਟਿੰਗ ਦੀ ਇਜ਼ਾਜਤ ਦਿੱਤੀ ਜਾਂਦੀ ਹੈ ਕਿ ਸ਼ੂਟਿੰਗ ਟੀਮ ਵਲੋਂ ਸਾਰੇ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕੀਤੀ ਜਾਵੇਗੀ।
ਕੋਵਿਡ ਦੇ ਕਾਰਨ ਘਰ ਵਿਚ ਰਹਿਣ ‘ਤੇ ਮੌਜੂਦ 12 ਸਾਲਾ ਦੀ ਬੱਚੀ ਰਿਪਨਜੀਤ ਕੌਰ ਵਾਸੀ ਪਿੰਡ ਨਗਾਰੀ ਵਲੋਂ ਹਾਲਾਤ ਆਮ ਵਰਗੇ ਕਦੋਂ ਹੋਣਗੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਭਰਪੂਰ ਜਾਗਰੂਕਤਾ ਉਪਰਾਲਿਆਂ ਦੇ ਬਾਵਜੂਦ ਮਾਸਕ ਨਾ ਪਾਉਣ, ਜਨਤਕ ਥਾਵਾਂ ‘ਤੇ ਥੁੱਕਣ, ਸਮਾਜਿਕ ਦੂਰੀ ਨਾ ਬਣਾਉਣ ਅਤੇ ਕੁਆਰੰਟੀਨ ਭੰਗ ਕਰਕੇ ਦੇ ਕੇਸ ਨਿੱਤ ਸਾਹਮਣੇ ਆਉਂਦੇ ਹਨ। ਉਹਨਾਂ ਕਿਹਾ ਕਿ ਅਜਿਹੀ ਸੂਰਤ ਵਿਚ ਹਾਲਾਤ ਆਮ ਵਰਗੇ ਤਾਂ ਹੀ ਹੋਣਗੇ ਜਦ ਜਾਗਰੂਕਤਾ ਮੁਹਿੰਮ ਲੋਕ ਲਹਿਰ ਦਾ ਰੂਪ ਧਾਰਨ ਕਰ ਲਵੇਗੀ ਅਤੇ ਚਲਾਨਾਂ ਦੀ ਲੋੜ ਨਹੀਂ ਪਵੇਗੀ ਬਲਕਿ ਲੋਕ ਆਪ ਹੀ ਸੰਭਲ ਕੇ ਰਹਿਣਗੇ।