ਕੋਵਿਡ-19 ਨੂੰ ਹਰਾਉਣ ਲਈ ਪਾਏ ਯੋਗਦਾਨ ਲਈ ਡਾਕਟਰਾਂ, ਸਫ਼ਾਈ ਸੇਵਕਾਂ, ਪ੍ਰਸ਼ਾਸਨਿਕ ਅਮਲੇ ਸਮੇਤ ਸਮਾਜਿਕ ਸੰਸਥਾਵਾਂ ਦਾ ਕੈਬਨਿਟ ਮੰਤਰੀ ਨੇ ਕੀਤਾ ਧੰਨਵਾਦ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਹਰ ਖੇਤਰ ’ਚ ਮੋਹਰੀ ਬਣਾਉਣ ਲਈ ਕਾਰਜਸ਼ੀਲ: ਵਿਜੈ ਇੰਦਰ ਸਿੰਗਲਾ
ਸੰਗਰੂਰ, 15 ਅਗਸਤ 2020: ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਅੱਜ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਪੁਲਿਸ ਲਾਇਨਜ਼ ਸੰਗਰੂਰ ਦੇ ਖੇਡ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਦੌਰਾਨ ਝੰਡਾ ਲਹਿਰਾ ਕੇ ਸਲਾਮੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਵਾਸੀਆਂ ਦੇ ਨਾਂ ਸੰਦੇਸ਼ ਦਿੰਦਿਆਂ ਦੇਸ਼ ਦੇ ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਤੇ ਸੂਰਬੀਰਾਂ ਨੂੰ ਸੀਸ ਨਿਵਾ ਕੇ ਨਮਸਕਾਰ ਕੀਤਾ ਅਤੇ ਪੁਲਿਸ, ਫੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਆਜ਼ਾਦੀ ਨੂੰ ਕਾਇਮ ਰੱਖਣ ਲਈ ਦਿੱਤੇ ਯੋਗਦਾਨ ਲਈ ਸਲਾਮ ਕੀਤਾ। ਇਸ ਮੌਕੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪੰਜਾਬ ਦੀ ਤਰੱਕੀ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਾਲਾਂਕਿ ਕੋਵਿਡ-19 ਦੀ ਮਹਾਂਮਾਰੀ ਨੇ ਪੂਰੀ ਦੁਨਿਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਇਸ ਬਿਮਾਰੀ ਨਾਲ ਨਜਿੱਠਣ ਲਈ ਸੂਬੇ ’ਚ ਵੇਲੇ ਸਿਰ ਕਰਫਿਊ ਲਾਗੂ ਕੀਤਾ ਜਿਸ ਨਾਲ ਖ਼ਤਰਨਾਕ ਨੁਕਸਾਨ ਤੋਂ ਬਹੁਤ ਹੱਦ ਤੱਕ ਬਚਾਅ ਰਿਹਾ। ਇਸ ਮੌਕੇ ਉਨਾਂ ਕੋਵਿਡ-19 ਦੀ ਮਹਾਂਮਾਰੀ ’ਚ ਡਿਊਟੀ ਨਿਭਾਅ ਕੇ ਮੋਹਰੀ ਰੋਲ ਅਦਾ ਕਰਨ ਵਾਲੇ ਡਾਕਟਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਫ਼ਾਈ ਸੇਵਕਾਂ, ਪੁਲਿਸ ਫੋਰਸ, ਸਮਾਜਿਕ ਸੰਸਥਾਵਾਂ ਅਤੇ ਹੋਰਨਾਂ ਕੋਰੋਨਾ ਯੋਧਿਆਂ ਦਾ ਵੀ ਧੰਨਵਾਦ ਕੀਤਾ।
ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵੀ ਕੋਵਿਡ-19 ਦੀ ਮਹਾਂਮਾਰੀ ਦੌਰਾਨ ਟੀ.ਵੀ. ਚੈਨਲਾਂ ਤੇ ਇੰਟਰਨੈਟ ਦੀ ਮਦਦ ਨਾਲ ਆਨਲਾਇਨ ਕਲਾਸਾਂ ਲਗਾਈਆਂ ਤੇ ਵਿਦਿਆਰਥੀਆਂ ਦਾ ਨੁਕਸਾਨ ਹੋਣ ਤੋਂ ਬਚਾਇਆ। ਉਨਾਂ ਅਧਿਆਪਕਾਂ ਤੇ ਸਿੱਖਿਆ ਵਿਭਾਗ ਦੇ ਹੋਰ ਅਮਲੇ ਦਾ ਇਨਾਂ ਕਦਮਾਂ ਨੂੰ ਸਮੇਂ ਸਿਰ ਚੁੱਕਣ ਤੇ ਸਿਦਕ ਨਾਲ ਕੰਮ ਕਰਨ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਤੋਂ ਲੈ ਕੇ 12ਵੀਂ ਤੱਕ ਸਾਰੀਆਂ ਕਲਾਸਾਂ ਦੇ ਦਾਖਲਿਆਂ ’ਚ ਲਗਭਗ 13.5 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਖੇਤੀਬਾੜੀ ਖੇਤਰ ’ਚ ਵੀ ਕੈਪਟਨ ਸਰਕਾਰ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਇਸ ਵਾਰ ਕੋਰੋਨਾ ਦੌਰਾਨ ਵੀ 128 ਲੱਖ ਮੀਟਿ੍ਰਕ ਟਨ ਕਣਕ ਦੀ ਖਰੀਦ ਕਿਸਾਨਾਂ ਨੂੰ ਪ੍ਰੇਸ਼ਾਨ ਹੋਣ ਤੋਂ ਬਚਾ ਕੇ ਕੀਤੀ। ਉਨਾਂ ਕਿਹਾ ਕਿ 4624 ਕਰੋੜ ਦਾ ਕਿਸਾਨੀ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ 75,000 ਦੇ ਕਰੀਬ ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਹੀ 13.5 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬ ’ਚ 65,000 ਕਰੋੜ ਰੁਪਏ ਦਾ ਨਿਵੇਸ਼ ਯਕੀਨੀ ਬਣਾਇਆ ਜਾ ਰਿਹਾ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ’ਚ ਵੀ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਵਾਏ ਜਾ ਰਹੇ ਹਨ ਤੇ ਪੀਣਵਾਲੇ ਪਾਣੀ ਦੀ ਸਪਲਾਈ ਤੋਂ ਲੈ ਕੇ ਸੀਵਰੇਜ, ਗਲੀਆਂ, ਸੜਕਾਂ ਤੇ ਛੱਪੜਾਂ ਦੀ ਸਫ਼ਾਈ ਲਈ ਲੋੜੀਂਦੇ ਕੰਮ ਪ੍ਰਵਾਨ ਕਰਵਾਏ ਗਏ ਹਨ। ਉਨਾਂ ਕਿਹਾ ਕਿ ਸੰਗਰੂਰ ਦੀ ਤਰੱਕੀ ਲਈ ਵੀ ਪਾਏ ਗਏ ਯੋਗਦਾਨ ਲਈ ਉਹ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹੋਰਨਾਂ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦੇ ਹਨ।
ਸਮਾਗਮ ਦੌਰਾਨ ਸ੍ਰੀ ਵਿਜੈ ਇੰਦਰ ਸਿੰਗਲਾ ਨੇ ‘ਅੰਬੇਸਡਰਜ਼ ਆਫ ਹੋਪ ਮੁਹਿੰਮ ’ਚ ਹਿੱਸਾ ਲੈ ਕੇ ਜੇਤੂ ਰਹੇ 8 ਜ਼ਿਲਿਆਂ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਦਾ ਐਪਲ ਆਈ ਪੇਡ, ਲੈਪਟੋਪ, ਐਡਰੋਇਡ ਟੈਬਲਿਟ ਨਾਲ ਸਨਮਾਨ ਕੀਤਾ। ਇਸ ਤੋਂ ਬਾਅਦ ਜ਼ਿਲਾ ਸੰਗਰੂਰ ਦੇ 98 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 17 ਵਿਦਿਆਰਥੀਆਂ ਨੰੂ 5100-5100 ਰੁਪਏ ਦੇ ਚੈਕ ਭੇਟ ਕੀਤੇ। ਇਸ ਮੌਕੇ ਗੰਦਗੀ ਮੁਕਤ ਭਾਰਤ ਸਕੀਮ ਤਹਿਤ ਆਨਲਾਈਨ ਪੇਟਿੰਗ ਅਤੇ ਲੇਖ ਮੁਕਾਬਲਿਆ ਦੇ ਜ਼ਿਲੇ ਨਾਲ ਸਬੰਧਤ 6 ਵਿਦਿਆਰਥੀਆਂ ਨੰੂ ਵੀ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਵੱਲੋਂ ਮੁੱਖ ਮਹਿਮਾਨ ਸ੍ਰੀ ਸਿੰਗਲਾ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਸਿੰਘ ਬੱਤਰਾ, ਐਸ.ਡੀ.ਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ, ਏ.ਸੀ. ਯੂ.ਟੀ. ਦੇਵਦਰਸ਼ਦੀਪ ਸਿੰਘ, ਅਨਿਲ ਘੀਚਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਨਰੇਸ ਕੁਮਾਰ ਗਾਬਾ ਚੇਅਮੈਨ ਇੰਮਪਰੂਮੈਂਟ ਟਰੱਸਟ ਸੰਗਰੂਰ, ਸਤੀਸ਼ ਕਾਂਸਲ ਡਾਇਰੈਕਟਰ ਇਨਫੋਟੈਕ ਪੰਜਾਬ, ਮਹੇਸ਼ ਕੁਮਾਰ ਮੇਸ਼ੀ ਵਾਈਸ ਚੇਅਰਮੈਨ ਪੰਜਾਬ ਸਮਾਲ ਸਕੇਲ ਇੰਡਸ਼ਟਰੀਜ਼ ਕਾਰਪੋਰੇਸ਼ਨ, ਸਿਵਲ ਸਰਜਨ ਡਾ. ਰਾਜ ਕੁਮਾਰ, ਡੀ.ਆਰ. ਜਤਿੰਦਰਪਾਲ ਸਿੰਘ ਚਹਿਲ, ਪਰਮਿੰਦਰ ਸ਼ਰਮਾ, ਮਾਸਟਰ ਅਜੈਬ ਸਿੰਘ ਰਟੌਲਾ, ਜਸਪਾਲ ਸਿੰਘ ਪਾਲੀ ਸੀਨੀਅਰ ਕਾਂਗਰਸੀ ਆਗੂ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।