ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 31 ਅਗਸਤ 2020: ‘‘ਕਿੱਤਾਮੁੱਖੀ ਕੋਰਸ ਮੁਕੰਮਲ ਕਰਨ ਵਾਲੇ ਨੌਜਵਾਨਾਂ ਨੂੰ 100 ਪ੍ਰਤੀਸ਼ਤ ਰੋਜਗਾਰ ਮੁਹੱਈਆ ਕਰਵਾਉਣ ਦੀ ਇੱਕ ਵਿਆਪਕ ਨੀਤੀ ਤਹਿਤ ਰਾਜ ਸਰਕਾਰ ਦੇ ਯਤਨਾਂ ਸਦਕਾ ਅਗਾਮੀ ਸੈਸ਼ਨ ਦੌਰਾਨ ਰਾਜ ਦੀਆਂ ਸਮੂਹ ਸੰਸਥਾਵਾਂ ਵਿੱਚ ਡੀਐਸਟੀ (ਡਿਊਲ ਸਿਸਟਮ ਆਫ਼ ਟੇ੍ਰਨਿੰਗ) ਸਕੀਮ ਲਾਗੂ ਕੀਤੀ ਗਈ ਹੈ ਜਿਸ ਨਾਲ ਨੌਜਵਾਨ ਪੀੜੀ ਨੂੰ ਮਣਾਂਮੂੰਹੀ ਲਾਭ ਹਾਸਲ ਹੋਵੇਗਾ, ‘‘ਇਹ ਪ੍ਰਗਟਾਵਾ ਸਰਕਾਰੀ ਆਈ ਟੀ ਆਈ (ਲੜਕੀਆਂ) ਮੁਹਾਲੀ ਦੇ ਪ੍ਰਿੰਸੀਪਲ ਅਤੇ ਜਿਲ੍ਹਾ ਨੋਡਲ ਅਫ਼ਸਰ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਵੱਲੋਂ ਸਰਕਾਰੀ ਤੌਰ ਤੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ।
ਸਥਾਨਕ ਪੱਤਰਕਾਰਾਂ ਨੂੰ ਜਾਰੀ ਆਪਣੇ ਪ੍ਰੈਸ ਬਿਆਨ ਰਾਹੀਂ ਸੰਸਥਾ ਮੁਖੀ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਆਦੇਸ਼ ਅਨੁਸਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈਏਐਸ ਦੀ ਅਗਵਾਈ ਵਿੱਚ ਰਾਜ ਦੀਆਂ ਤਮਾਮ ਸਰਕਾਰੀ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਨੌਜਵਾਨਾਂ ਨੂੰ ਅਜੋਕੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਣ ਅਤੇ ਰੋਜਗਾਰ ਦੇ ਵੱਧ ਮੌਕੇ ਪ੍ਰਦਾਨ ਕਰਨ ਲਈ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਡੀਐਸਟੀ ਸਕੀਮ ਦੇ ਲਾਗੂ ਹੋਣ ਨਾਲ ਸਰਕਾਰੀ ਆਈ ਟੀ ਆਈ (ਲੜਕੀਆਂ) ਮੁਹਾਲੀ ਵਿੱਚ ਵੱਖ-ਵੱਖ ਟਰੇਡਾਂ ਵਿੱਚ ਹਰ ਸਾਲ ਭਰਨ ਵਾਲੀਆਂ ਕੁੱਲ 235 ਸੀਟਾਂ ਦੀ ਗਿਣਤੀ ਵੱਧਕੇ 428 ਹੋ ਗਈ ਹੈ ਜਿਸ ਨਾਲ ਇਲਾਕੇ ਦੀਆਂ ਪੰਜਵੀਂ, ਅੱਠਵੀਂ ਦਸਵੀਂ, 10+2 ਅਤੇ ਵਧੇਰੇ ਪੜ੍ਹੀਆਂ ਲੜਕੀਆਂ ਨੂੰ ਬਹੁਤ ਜਿਆਦਾ ਫ਼ਾਇਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਡੀਐਸਟੀ ਸਕੀਮ ਤਹਿਤ ਨਿਸਚਿਤ ਟੇ੍ਰਨਿੰਗ ਸਮੇਂ ਦੌਰਾਨ ਸਿਖਿਆਰਥਣਾਂ ਨੂੰ ਅੱਧਾ ਸਮਾਂ ਸੰਸਥਾ ਵਿੱਚ ਪੜ੍ਹਾਈ ਕਰਵਾਈ ਜਾਵੇਗੀ ਅਤੇ ਅੱਧਾ ਸਮਾਂ ਸੰਬੰਧਿਤ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਵਿੱਚ ਪ੍ਰੈਕਟੀਕਲ ਟੇ੍ਰਨਿੰਗ ਕਰਵਾਉਣ ਦਾ ਉਪਬੰਧ ਕੀਤਾ ਗਿਆ ਹੈ ਜਿਸ ਨਾਲ ਜਿੱਥੇ ਲੜਕੀਆਂ ਨੂੰ ਪ੍ਰੈਕਟੀਕਲ ਟੇ੍ਰਨਿੰਗ ਲਈ ਹਾਈਟੈਕ ਮਸ਼ੀਨਰੀ ਦਾ ਲਾਭ ਹਾਸਲ ਹੋਵੇਗਾ ਉਥੇ ਉਨ੍ਹਾਂ ਲਈ ਰੋਜਗਾਰ ਦੇ ਵਸੀਲਿਆਂ ਵਿੱਚ ਵੀ ਅਥਾਹ ਵਾਧਾ ਹੋਵੇਗਾ।
ਸੰਸਥਾ ਮੁਖੀ ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਆਈਟੀਆਈ ਮੁਹਾਲੀ ਵੱਲੋਂ ਇਲੈਕਟ੍ਰੋਨਿਕਸ ਮਕੈਨਿਕ ਟਰੇਡ ਲਈ ਪਨਕਾਮ (ਪੰਜਾਬ ਕਮਿਉਨੀਕੇਸ਼ਨਜ਼ ਲਿਮ:), ਡਰਾਫ਼ਟਸਮੈਨ ਸਿਵਲ ਟਰੇਡ ਲਈ ਪੁੱਡਾ ਮੁਹਾਲੀ, ਇੰਗਲਿਸ਼ ਸਟੈਨੋਗ੍ਰਾਫ਼ੀ ਲਈ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ, ਕੰਪਿਉਟਰ ਟਰੇਡ ਲਈ ਪੰਜਾਬ ਮਿਉਂਸਪਲ ਇੰਨਫ਼ਰਾਸਟਰਕਚਰ ਡਿਵੈਲਪਮੈਂਟ ਕੰਪਨੀ ਚੰਡੀਗੜ੍ਹ, ਇੰਨਫ਼ਰਮੇਸ਼ਨ ਟੈਕਨੋਲੌਜੀ ਟਰੇਡ ਲਈ ਐਲਕਾਮ ਸਿਸਟਮਜ਼ ਪਾ੍ਰਈਵੇਟ ਲਿਮਿ: ਮੁਹਾਲੀ, ਸੀਵਿੰਗ ਟੈਕਨੋਲੌਜੀ ਟਰੇਡ ਲਈ ਡੈਲਕੋ ਕਲੋਥਿੰਗ ਪ੍ਰਾਈਵੇਟ ਲਿਮ: ਮੁਹਾਲੀ ਅਤੇ ਸਰਫ਼ੇਸ ਔਰਨਾਮੈਂਟੇਸ਼ਨ ਟਰੇਡ ਲਈ ਡੀਐਸਬੀ ਇੰਟਰਪ੍ਰਾਈਜਜ਼ ਲਿਮ ਮੁਹਾਲੀ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਵਰਾਜ਼ ਇੰਜਣਜ਼ ਲਿਮ: ਮੁਹਾਲੀ ਦੇ ਸਹਿਯੋਗ ਨਾਲ ਇਸ ਸਾਲ ਚਾਈਲਡ ਕੇਅਰ ਟੇਕਰ ਅਤੇ ਐਲਡਰ ਅਟੈਂਡੈਂਟ ਦੇ ਦੋ ਘੱਟ ਮਿਆਦੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ ਜੋਕਿ ਬਿਲਕੁੱਲ ਮੁਫ਼ਤ ਹਨ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸੰਸਥਾ ਦਾ ਮਕਸਦ ਇਲਾਕੇ ਦੀਆਂ ਨੌਜਵਾਨ ਬੱਚੀਆਂ ਨੂੰ ਸਵੈਨਿਰਭਰ ਬਣਾਉਣ ਦੇ ਨਾਲ ਨਾਲ ਨਿੱਗਰ ਸਮਾਜ ਦੀ ਸਿਰਜਣਾ ਲਈ ਅਗਾਂਹਵਧੂ ਪੌਦ ਤਿਆਰ ਕਰਨਾ ਹੈ ਤਾਂ ਜੋ ਸਮਾਜ ਵਿੱਚ ਲੜਕੀਆਂ ਦੀ ਬੇਕਦਰੀ ਨੂੰ ਠੱਲ੍ਹ ਪਾਈ ਜਾ ਸਕੇ।
ਇਸ ਮੌਕੇ ਉਨ੍ਹਾਂ ਨਾਲ ਪਲੇਸਮੈਂਟ ਅਫ਼ਸਰ ਸ਼੍ਰੀਮਤੀ ਉਪਾਸਨਾ ਅੱਤਰੀ ਕੋਆਰਡੀਨੇਟਰ ਸ਼੍ਰੀ ਰਾਕੇਸ਼ ਕੁਮਾਰ ਡੱਲਾ, ਸ਼੍ਰੀ ਅਮਨਦੀਪ ਸ਼ਰਮਾ, ਸ਼੍ਰੀ ਵਰਿੰਦਪਾਲ ਸਿੰਘ, ਸ਼੍ਰੀ ਮਾਨਇੰਦਰਪਾਲ ਸਿੰਘ, ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀਮਤੀ ਜਸਵੀਰ ਕੌਰ ਸ਼੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ ਅਤੇ ਸ਼੍ਰੀਮਤੀ ਦਰਸ਼ਨਾ ਕੁਮਾਰੀ ਵੀ ਹਾਜ਼ਰ ਸਨ।