← ਪਿਛੇ ਪਰਤੋ
ਗੁਰਦਾਸਪੁਰ, 6 ਅਕਤੂਬਰ, 2017 : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਕਿ ਸਵਰਨ ਸਲਾਰੀਆ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਨਾਂ ਖਿਲਾਫ਼ ਦਰਜ ਬਲਾਤਕਾਰ ਦੇ ਕੇਸ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਸੀ। ਹਲਕੇ ਵਿੱਚ ਚੋਣ ਮੁਹਿੰਮ ਦੌਰਾਨ ਰੈਲੀਆਂ ਤੇ ਮੀਟਿੰਗਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਲੋਕ ਹੁਣ ਕੋਈ ਵੀ ਫੈਸਲਾ ਸਾਰੇ ਪੱਖ ਵਿਚਾਰਨ ਤੋਂ ਬਾਅਦ ਲੈਂਦੇ ਹਨ ਜੋ ਸਾਡੇ ਸੱਭਿਆਚਾਰ ਦੇ ਤਾਣੇ-ਬਾਣੇ ਦਾ ਅਹਿਮ ਹਿੱਸਾ ਹੈ। ਸ੍ਰੀ ਜਾਖੜ ਨੇ ਇਸ ਤੋਂ ਪਹਿਲਾਂ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮਾੜੇ ਕਾਰਨਾਮਿਆਂ ਵਿੱਚ ਸ਼ਾਮਲ ਲੋਕਾਂ ਨੂੰ ਪੰਜਾਬੀਆਂ ਅੱਗੇ ਜਵਾਬਦੇਹ ਹੋਣਾ ਪਵੇਗਾ ਕਿਉਂ ਜੋ ਅਜਿਹੇ ਲੀਡਰਾਂ ਨਾਲ ਪੰਜਾਬੀਆਂ ਦੇ ਗੌਰਵਮਈ ਸੱਭਿਆਚਾਰ ਨੂੰ ਢਾਹ ਲੱਗ ਰਹੀ ਹੈ। ਸ੍ਰੀ ਜਾਖੜ ਨੇ ਲੋਕਾਂ ਨੂੰ ਆਪਣੀ ਵੋਟ ਸੂਝ-ਬੂਝ ਨਾਲ ਪਾਉਣ ਦਾ ਸੱਦਾ ਦਿੰਦੇ ਆਖਿਆ ਕਿ ਕਿਸੇ ਵੀ ਸੰਸਥਾ ਲਈ ਅਜਿਹੇ ਅਨੈਤਿਕ ਕਿਰਦਾਰਾਂ ਵਾਲੇ ਲੋਕਾਂ ਨੂੰ ਨਾ ਚੁਣਿਆ ਜਾਵੇ। ਸ੍ਰੀ ਜਾਖੜ ਨੇ ਦੁੱਖ ਨਾਲ ਆਖਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਸ਼ਰਮਨਾਕ ਵੀਡੀਓ ਵਾਇਰਲ ਹੋਣ ਨਾਲ ਲੋਕ ਹੁਣ ਸਾਰੇ ਸਿਆਸਤਦਾਨਾਂ ਨੂੰ ਘਿਰਨਾ ਦੀ ਨਜ਼ਰ ਨਾਲ ਦੇਖਣ ਲੱਗ ਪਏ ਹਨ। ਸਲਾਰੀਆ ਨੂੰ ਇਕ ਵਾਰ ਫੇਰ ਬਹਿਸ ਦੀ ਚੁਣੌਤੀ ਦਿੰਦਿਆਂ ਸ੍ਰੀ ਜਾਖੜ ਨੇ ਬਾਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਦੱਸਿਆ ਕਿ ਅਸਲ ਵਿੱਚ ਭਾਜਪਾ ਉਮੀਦਵਾਰ ਇਸ ਲਈ ਬਹਿਸ ਤੋਂ ਭੱਜ ਰਿਹਾ ਹੈ ਕਿਉਂਕਿ ਨਾ ਤਾਂ ਉਸ ਕੋਲ ਗੁਰਦਾਸਪੁਰ ਦੇ ਵਿਕਾਸ ਬਾਰੇ ਕੋਈ ਯੋਜਨਾ ਹੈ ਅਤੇ ਨਾ ਹੀ ਉਸ ਨੂੰ ਹਲਕੇ ਨਾਲ ਸਬੰਧਤ ਮਸਲਿਆਂ ਬਾਰੇ ਕੁਝ ਪਤਾ ਹੈ। ਸ੍ਰੀ ਜਾਖੜ ਨੇ ਆਖਿਆ ਕਿ ਸਲਾਰੀਆ ਨੂੰ ਬਹਿਸ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਲੋਕ ਇਸ ਗੱਲ ਦਾ ਫੈਸਲਾ ਕਰ ਸਕਣ ਕਿ ਸੰਸਦ ਵਿੱਚ ਉਨਾਂ ਦੀ ਨੁਮਾਇੰਦਗੀ ਕਰਨ ਵਾਲਾ ਸਹੀ ਆਗੂ ਕੌਣ ਹੈ। ਸ੍ਰੀ ਜਾਖੜ ਜਿਨਾਂ ਨਾਲ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਵਿਧਾਇਕ ਵੀ ਹਾਜ਼ਰ ਸਨ, ਨੇ ਆਖਿਆ ਕਿ ਪੰਜਾਬ ਵਿੱਚ ਅਤੇ ਇੱਥੋਂ ਤੱਕ ਕਿ ਸਮੁੱਚੇ ਮੁਲਕ ਵਿੱਚ ਬੇਰੁਜ਼ਗਾਰੀ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਦੇਸ਼ ਦੇ ਚੋਟੀ ਦੇ ਸਨਅਤਕਾਰਾਂ ਦੀ ਆਮਦਨ ਵਿੱਚ 26 ਫੀਸਦੀ ਦਾ ਵਾਧਾ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਮੋਦੀ ਸਰਕਾਰ ਵੱਡੇ ਸਨਅਤਕਾਰਾਂ ਦੀਆਂ ਜੇਬਾਂ ਭਰਨ ਵਿੱਚ ਰੁੱਝੀ ਹੋਈ ਹੈ ਜਦਕਿ ਦੇਸ਼ ਦਾ ਅਰਥਚਾਰਾ ਤਬਾਹ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੂਜੇ ਪਾਸੇ ਜੀ.ਐਸ.ਟੀ. ਲਾਉਣ ਦੇ ਫੈਸਲੇ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਏ ਛੋਟੇ ਕਾਰੋਬਾਰੀ ਤੇ ਵਪਾਰੀ ਪ੍ਰਧਾਨ ਮੰਤਰੀ ਨਾਲ ਬਹੁਤ ਜ਼ਿਆਦਾ ਖਫ਼ਾ ਹਨ। ਪੰਜਾਬ ਦੀ ਸਨਅਤੀ ਸਥਿਤੀ ’ਤੇ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਜਾਖੜ ਨੇ ਪੁਰਾਣੀ ਸਨਅਤ ਨੂੰ ਮੁੜ ਸੁਰਜੀਤ ਕਰਨ ਅਤੇ ਨਵੇਂ ਸਨਅਤੀ ਯੂਨਿਟ ਸਥਾਪਤ ਕਰਨ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਇਸ ਨਾਲ ਆਰਥਿਕਤਾ ਪੱਕੇ ਪੈਰੀਂ ਹੋਣ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਸੁਖਬੀਰ ਬਾਦਲ ਨਿਵੇਸ਼ ਲਿਆਉਣ ਦੇ ਦਿਖਾਵੇ ਹੇਠ ਹਰੇਕ ਸਾਲ ਐਨ.ਆਰ.ਆਈ. ਸੰਮੇਲਨ ਕਰਵਾਉਂਦੇ ਰਹੇ ਸਨ ਪਰ ਨਿਵੇਸ਼ ਨਾ ਹੋਇਆ ਅਤੇ ਉਨਾਂ ਨੇ ਸੰਮੇਲਨਾਂ ’ਤੇ ਸਿਰਫ ਸਰਕਾਰੀ ਪੈਸਾ ਹੀ ਲੁਟਾਇਆ। ਸ੍ਰੀ ਜਾਖੜ ਨੇ ਆਖਿਆ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਕਈ ਵੱਡੇ ਐਲਾਨ ਕੀਤੇ ਹਨ। 1500 ਕਰੋੜ ਰੁਪਏ ਦੇ ਬਜਟ ਉਪਬੰਧ ਤੋਂ ਇਲਾਵਾ ਮੁੱਖ ਮੰਤਰੀ ਨੇ ਟਰਾਂਸਪੋਰਟ ਮਾਫੀਆ ਖਤਮ ਕਰਨ ਅਤੇ ਬਿਜਲੀ ਦੀ ਦਰ ਤੈਅ ਕਰਨ ਵਰਗੇ ਕਦਮ ਚੁੱਕੇ ਹਨ। ਸ੍ਰੀ ਜਾਖੜ ਨੇ ਆਖਿਆ ਕਿ ਨਵੀਂ ਸਨਅਤੀ ਨੀਤੀ ਛੇਤੀ ਹੀ ਲਾਗੂ ਕੀਤੀ ਜਾ ਰਹੀ ਹੈ ਜਿਸ ਨਾਲ ਸਨਅਤ ਦੇ ਮੁੜ ਪੈਰਾਂ ਸਿਰ ਹੋਣ ਦਾ ਰਾਹ ਖੁੱਲੇਗਾ। ਕਾਂਗਰਸ ਦੇ ਮੁਕਾਬਲੇ ਅਕਾਲੀ-ਭਾਜਪਾ ਗੱਠਜੋੜ ਦੇ ਕੰਮ ਕਰਨ ਦੇ ਢੰਗ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਜਦੋਂ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਸਨ ਤਾਂ ਪ੍ਰਧਾਨ ਮੰਤਰੀ ਨੇ ਸੂਬੇ ਵਿੱਚ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਦੇਣ ਵਿੱਚ ਇਕ ਮਿੰਟ ਵੀ ਨਹੀਂ ਸੀ ਲਾਇਆ। ਉਨਾਂ ਆਖਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂ.ਪੀ.ਏ. ਸਰਕਾਰ ਨੇ ਕਦੇ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਨਹੀਂ ਕੀਤਾ ਜਦਕਿ ਐਨ.ਡੀ.ਏ. ਸਰਕਾਰ ਵੱਲੋਂ ਮੁੱਢ ਤੋਂ ਹੀ ਇਹ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਮੋਦੀ ਵੱਲੋਂ ਹਰ ਮੁਹਾਜ਼ ’ਤੇ ਨਾਕਾਮ ਰਹਿਣ ਦੀ ਖਿੱਲੀ ਉਡਾਉਂਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੀਆਂ ਗਰੀਬ ਵਿਰੋਧੀ ਅਤੇ ਫਿਰਕੂ ਨੀਤੀਆਂ ਨਾਲ ਮੁਲਕ ਦਾ ਸਮਾਜਿਕ ਤਾਣਾ-ਬਾਣਾ ਤਬਾਹ ਹੋ ਰਿਹਾ ਹੈ ਅਤੇ ਨਿਵੇਸ਼ਕਾਰਾਂ ਵੱਲੋਂ ਹੱਥ ਪਿੱਛੇ ਖਿੱਚ ਲੈਣ ਨਾਲ ਵਿਕਾਸ ਨੂੰ ਸੱਟ ਵੱਜੀ ਹੈ।
Total Responses : 267