ਚੰਡੀਗੜ੍ਹ, 25 ਸਤੰਬਰ, 2017 : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਤੇਜੀ ਨਾਲ ਭਖਣੀ ਸ਼ੁਰੂ ਹੋ ਗਈ ਹੈ। ਜਿੱਥੇ ਸਲਾਰੀਆ ਖੁਦ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ, ਉੱਥੇ ਹੀ ਭਲਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਸਮੇਤ ਅਕਾਲੀ ਭਾਜਪਾ ਗਠਜੋੜ ਦੇ ਵੱਡੇ ਨੇਤਾ ਸਥਾਨਕ ਮੁਕੇਰੀਆ ਬਾਈਪਾਸ 'ਤੇ ਹੋਣ ਵਾਲੀ ਚੋਣ ਰੈਲੀ ਰਾਹੀਂ ਵੋਟਰਾਂ ਦਾ ਮਨ ਜਿੱਤਣ ਲਈ ਪੁੱਜਣਗੇ।
ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਭਲਕੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਸੰਸਦ ਮੈਬਰ ਸਵ: ਵਿਨੋਦ ਖੰਨਾ ਨੇ ਹਲਕਾ ਗੁਰਦਾਸਪੁਰ ਦੇ ਵੋਟਰਾਂ ਨਾਲ ਜੋ ਪਿਆਰ ਬਣਾਇਆ ਹੈ, ਉਸਦੀ ਬਦੌਲਤ ਅੱਜ ਹਲਕੇ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਵੀ ਲੋਕਾਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣੀ ਕਾਂਗਰਸ ਸਰਕਾਰ ਦਾ ਅਸਲ ਚਿਹਰਾ ਥੋੜੇ ਹੀ ਸਮੇਂ ਵਿੱਚ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ, ਕਿਸਾਨਾਂ ਦੇ ਕਰਜ਼ ਮਾਫ਼ ਆਦਿ ਵਰਗੇ ਵਾਅਦੇ ਕਰਕੇ ਮੁਕੱਰਣ ਵਾਲੀ ਕਾਂਗਰਸ ਕੋਲ ਅੱਜ ਕੋਈ ਵੀ ਅਜਿਹਾ ਮੁੱਦਾ ਨਹੀਂ ਹੈ ਜਿਸ ਨਾਲ ਉਹ ਲੋਕਾਂ ਦੀ ਕਚਿਹਰੀ ਵਿੱਚ ਜਾ ਕੇ ਵੋਟ ਮੰਗ ਸਕਦੀ ਹੋਵੇ। ਇਸ ਮੌਕੇ ਉਨ੍ਹਾਂ ਨਾਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸ਼ਰਮਾ, ਭਾਜਪਾ ਯੁਵਾ ਮੋਰਚੇ ਦੇ ਸੂਬਾ ਪ੍ਰਧਾਨ ਸ਼ਿਵਵੀਰ ਰਾਜਨ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਅੰਮ੍ਰਿਤਸਰ ਸ਼ਹਿਰੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਹਨੀ ਆਦਿ ਹਾਜ਼ਰ ਸਨ।