ਜੀ ਐਸ ਪੰਨੂ
- ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ, ਪ੍ਰੋਫੈਸਰਾਂ ਅਤੇ ਸਟਾਫ਼ ਵੱਲੋਂ ਲਗਾਏ ਧਰਨਿਆਂ 'ਚ ਪਹੁੰਚੇ 'ਆਪ' ਸੰਸਦ ਮੈਂਬਰ
ਪਟਿਆਲਾ, 19 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਸੂਬੇ ਦੀ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੜਕਾਂ, ਸਕੂਲਾਂ ਤੋਂ ਲੈ ਕੇ ਹਰ ਸਰਕਾਰੀ ਸੰਸਥਾ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਖ਼ਤਰਨਾਕ ਨੀਤੀ ਅਪਣਾਈ ਹੋਈ ਹੈ। ਇਸ ਲਈ ਇਨ੍ਹਾਂ ਲੋਟੂ ਸਰਕਾਰਾਂ ਦਾ ਬਿਸਤਰਾ ਗੋਲ ਕਰਨ ਲਈ ਸਭ ਨੂੰ ਇੱਕਜੁੱਟ ਹੋ ਕੇ ਨਿੱਤਰਨਾ ਪਵੇਗਾ।
ਭਗਵੰਤ ਮਾਨ ਬੁੱਧਵਾਰ ਨੂੰ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ, ਪ੍ਰੋਫੈਸਰਾਂ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਸਮੇਤ ਹੋਰ ਹੱਕੀ ਮੰਗਾਂ ਲਈ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜਾਰੀ ਰੋਸ ਧਰਨਿਆਂ 'ਚ ਸ਼ਾਮਲ ਹੋਣ ਪੁੱਜੇ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ 'ਚ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵਜੋਂ ਰੇਲਵੇ, ਹਾਈਵੇ, ਏਅਰਪੋਰਟ, ਐਲਆਈਸੀ ਸਮੇਤ ਸਾਰੀਆਂ ਸਰਕਾਰੀ ਸੰਪਤੀਆਂ ਅਤੇ ਸੰਸਥਾਵਾਂ ਨੂੰ ਅੰਬਾਨੀ-ਅੰਡਾਨੀ ਵਰਗੇ ਨਿੱਜੀ ਕਾਰਪੋਰੇਟ ਘਰਾਨਿਆਂ ਨੂੰ ਕੋਡੀਆਂ ਦੇ ਭਾਅ ਵੇਚਦਾ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦੀ 'ਸ਼ਾਹੀ ਸਰਕਾਰ' ਇਸ ਦੌੜ 'ਚ ਮੋਦੀ ਸਰਕਾਰ ਨੂੰ ਵੀ ਪਿੱਛੇ ਛੱਡਣ ਲਈ ਕਾਹਲੀ ਹੈ। ਬਠਿੰਡਾ ਥਰਮਲ ਪਲਾਂਟ ਦੀ ਬਲੀ ਲੈ ਲਈ ਗਈ ਹੈ ਅਤੇ ਹੁਣ ਮਾਲਵੇ ਦਾ ਮਾਣ ਅਤੇ ਮਾਂ ਬੋਲੀ ਪੰਜਾਬ ਦੀ ਸ਼ਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਲੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਸਰਕਾਰਾਂ ਪਹਿਲਾਂ ਸਰਕਾਰੀ ਸੰਸਥਾਵਾਂ ਨੂੰ ਸਾਜ਼ਿਸ਼ ਦੇ ਤਹਿਤ ਘਾਟੇ ਦਾ ਸੌਦਾ ਅਤੇ ਵਿੱਤੀ ਬੋਝ ਸਾਬਤ ਕਰਦਿਆਂ ਹਨ ਅਤੇ ਫਿਰ ਪ੍ਰਾਈਵੇਟ ਹੱਥਾਂ 'ਚ ਸੌਂਪ ਦਿੰਦੀਆਂ ਹਨ। ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ 'ਚ ਮੋਦੀ ਅਤੇ ਅਮਰਿੰਦਰ ਸਿੰਘ ਸਰਕਾਰ ਦੇ ਅਜਿਹੇ ਖ਼ਤਰਨਾਕ ਇਰਾਦਿਆਂ ਦੀ ਝਲਕ ਸਪਸ਼ਟ ਦਿਖਾਈ ਦੇ ਰਹੀ ਹੈ। ਭਗਵੰਤ ਮਾਨ ਅਨੁਸਾਰ ਜੇਕਰ ਅਮਰਿੰਦਰ ਸਿੰਘ ਸਰਕਾਰ ਦੀਆਂ ਅਜਿਹੀਆਂ ਪੰਜਾਬ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਇੱਕਜੁੱਟ ਹੋ ਕੇ ਨੱਥ ਨਾ ਪਾਈ ਤਾਂ ਇੱਕ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਵੀ ਅੰਬਾਨੀਆਂ-ਅੰਡਾਨੀਆਂ ਵਰਗੇ ਨਿੱਜੀ ਘਰਾਨਿਆਂ ਦੇ ਫੱਟੇ ਲਗਾ ਦਿੱਤੇ ਜਾਣਗੇ।
ਭਗਵੰਤ ਮਾਨ ਨੇ ਕਿਹਾ ਕਿ ਜੋ ਸਰਕਾਰਾਂ ਆਪਣੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ-ਪ੍ਰੋਫੈਸਰਾਂ ਨੂੰ ਤਨਖ਼ਾਹਾਂ ਲਈ ਰੋਸ ਧਰਨਿਆਂ 'ਤੇ ਬੈਠਣ ਲਈ ਮਜਬੂਰ ਕਰਦੀਆਂ ਹੋਣ ਅਜਿਹੀਆਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ।
'ਆਪ' ਸੰਸਦ ਮੈਂਬਰ ਨੇ ਧਰਨਾਕਾਰੀ ਪ੍ਰੋਫੈਸਰਾਂ ਅਤੇ ਸਟਾਫ਼ ਨੂੰ ਭਰੋਸਾ ਦਿੱਤਾ ਕਿ ਪੰਜਾਬੀ ਯੂਨੀਵਰਸਿਟੀ ਵਰਗੇ ਸ਼ਾਨ ਮਤੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਇਕੱਲੇ ਅਧਿਆਪਕ, ਪ੍ਰੋਫੈਸਰ, ਨਾਨ-ਟੀਚਿੰਗ ਸਟਾਫ਼ ਜਾਂ ਵਿਦਿਆਰਥੀ ਹੀ ਪਸੀਨਾ ਨਹੀਂ ਵਹਾਉਣਗੇ, ਆਮ ਆਦਮੀ ਪਾਰਟੀ ਵੀ ਇਸ ਸੰਘਰਸ਼ 'ਚ ਅੱਗੇ ਹੋ ਕੇ ਅੰਤ ਤੱਕ ਲੜਾਈ ਲੜੇਗੀ। ਮਾਨ ਨੇ ਕਿਹਾ ਕਿ 2022 ਤੱਕ ਸੰਘਰਸ਼-ਅੰਦੋਲਨਾਂ ਰਾਹੀਂ ਅਜਿਹੀਆਂ ਸਾਰੀਆਂ ਸੰਸਥਾਵਾਂ ਨੂੰ ਬਚਾ ਕੇ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ, 2022 'ਚ 'ਆਪ' ਦੀ ਸਰਕਾਰ ਬਣਨ 'ਤੇ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ ਅਤੇ 'ਅਧਿਆਪਕ' ਦੇ ਰੁਤਬੇ ਨੂੰ ਮੁੜ ਬਹਾਲ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਸਮੇਤ ਲੋਕ ਸਭਾ 'ਚ ਵੀ ਪੰਜਾਬੀ ਯੂਨੀਵਰਸਿਟੀ ਸਮੇਤ ਸੂਬੇ ਦੇ ਸਰਕਾਰੀ-ਸਕੂਲਾਂ ਅਤੇ ਕਾਲਜਾਂ ਦੀ ਗਿਣ ਮਿੱਥ ਕੇ ਕੀਤੀ ਜਾ ਰਹੀ ਬਰਬਾਦੀ ਦਾ ਮੁੱਦਾ ਉਠਾਏਗੀ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਭੀਮ ਇੰਦਰ ਸਿੰਘ, ਨੀਨਾ ਮਿੱਤਲ, ਹਰਚੰਦ ਸਿੰਘ ਬਰਸਟ, ਡਾ. ਬਲਵੀਰ, ਕੁੰਦਨ ਗੋਗੀਆ, ਤੇਜਿੰਦਰ ਮਹਿਤਾ, ਚੇਤਨ ਸਿੰਘ ਜੋੜਮਾਜਰਾ, ਬਲਦੇਵ ਸਿੰਘ ਦੇਵੀਗੜ੍ਹ, ਆਰਪੀਐਸ ਮਲਹੋਤਰਾ, ਮੇਘ ਚੰਦ ਸ਼ਰਮਾ, ਪ੍ਰੀਤੀ ਮਲਹੋਤਰਾ, ਰਣਜੋਧ ਸਿੰਘ ਹਡਾਣਾ, ਅਮਿੱਤ ਵਿਕੀ, ਖੁਸ਼ਵੰਤ ਸ਼ਰਮਾ, ਅਸ਼ੋਕ ਸਿਰਸੇ ਵਾਲ, ਸੰਜੀਵ ਗੁਪਤਾ, ਜਰਨੈਲ ਮਨੂੰ ਆਦਿ ਹਾਜ਼ਰ ਸਨ।