← ਪਿਛੇ ਪਰਤੋ
ਫਿਰੋਜ਼ਪੁਰ 10 ਅਗਸਤ 2020 : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਪੰਜਾਬ ਪੁਲਿਸ ਦੇ ਸਿਪਾਹੀ ਕੋਲੋਂ ਨਸ਼ੀਲੇ ਪਦਾਰਥ ਅਤੇ ਇਕ ਹਵਾਲਾਤੀ ਕੋਲੋਂ ਮੋਬਾਇਲ ਫੋਨ, ਬੈਟਰੀ ਤੇ ਸਿੰਮ ਕਾਰਡ ਸਮੇਤ ਬਰਾਮਦ ਹੋਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਮੁਤਾਬਿਕ ਬੀਤੀ 9 ਅਗਸਤ 2020 ਨੂੰ ਸਿਪਾਹੀ ਅਕਾਸ਼ਪਾਲ ਦੀ ਡਿਊਟੀ ਡਿਊੜੀ ਦੀ ਛੱਤ 'ਤੇ ਸੀ ਤੇ ਤਲਾਸ਼ੀ ਦੌਰਾਨ ਇਸ ਕੋਲੋਂ 3 ਪੁੜੀਆਂ ਜਰਦਾ (ਗੋਲ ਦਾਣਾ) ਤੰਬਾਕੂ, 15 ਬੀੜੀਆਂ ਤੇ ਇਕ ਮੋਬਾਇਲ ਫੋਨ ਮਾਰਕਾ ਲਾਵਾ ਸਮੇਤ ਸਿੰਮ ਕਾਰਡ ਤੇ ਬੈਟਰੀ ਬਰਾਮਦ ਹੋਇਆ। ਉਸ ਨੇ ਦੱਸਿਆ ਕਿ ਸਿਪਾਹੀ ਅਕਾਸ਼ਪਾਲ ਨੇ ਮੰਨਿਆ ਕਿ ਇਹ ਸਮਾਨ ਉਸ ਨੇ ਹਵਾਲਾਤੀ ਰਾਹੁਲ ਪੁੱਤਰ ਮੱਖਣ ਲਾਲ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੂੰ ਦੇਣਾ ਸੀ। ਦੋਸ਼ੀ ਰਾਹੁਲ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਇਆ।
Total Responses : 267