ਕੋਰੋਨਾ ਨਾਲ ਲੜ੍ਹਦਿਆਂ ਸਿਵਲ ਹਸਪਤਾਲ ਡੇਰਾਬੱਸੀ ਦੀ ਗਾਇਨੀ ਵਾਰਡ `ਚ ਗੂੰਜਦੀਆਂ ਰਹੀਆਂ ਨਵਜੰਮਿਆਂ ਦੀਆਂ ਕਿਲਕਾਰੀਆਂ
ਡੇਰਾਬੱਸੀ, 05 ਅਗਸਤ 2020: ਡੇਰਾਬੱਸੀ ਦਾ ਸਿਹਤ ਵਿਭਾਗ ਜਿੱਥੇ ਲੋਕਾਂ ਨੂੰ ਕੋਰੋਨਾ ਦੇ ਪ੍ਰਛਾਵੇਂ `ਚੋਂ ਬਚਾਉਣ ਦੇ ਸਿਰਤੋੜ ਯਤਨ ਕਰ ਰਿਹਾ ਹੈ ਉਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ਡੇਰਾਬੱਸੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਦਿਆਂ ਇੱਕ ਮਹੀਨੇ ਵਿੱਚ 191 ਡਿਲੀਵਰੀਆਂ ਸਿਵਲ ਹਸਪਤਾਲ ਵਿੱਚ ਕਰ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦੇ ਕੋਵਿਡ-19 ਟੈਸਟ ਵੀ ਕਰਵਾਏ ਗਏ ਤਾਂ ਜੋ ਉਨਾਂ ਦਾ ਸੁਰੱਖਿਅਤ ਜਣੇਪਾ ਕਰਵਾਇਆ ਜਾ ਸਕੇ। ਇੱਕ ਮਹੀਨੇ ਵਿੱਚ ਗੂੰਜੀਆਂ ਇਨਾਂ 191 ਬੱਚਿਆਂ ਦੀਆਂ ਕਿਲਕਾਰੀਆਂ ਦਾ ਜਿੰਮਾ ਆਪਣੇ ਮਿਹਨਤੀ ਸਟਾਫ ਸਿਰ ਬੰਨ੍ਹਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਮਹੀਨਾ ਜੁਲਾਈ ਦੌਰਾਨ ਬਲਾਕ ਡੇਰਾਬੱਸੀ ਵਿੱਚ ਕੁਲ 279 ਜਣੇਪੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਏ ਗਏ ਹਨ ਜਿਨਾਂ ਵਿੱਚੋਂ 191 ਸਿਵਲ ਹਸਪਤਾਲ ਡੇਰਾਬੱਸੀ ਵਿਖੇ ਹੀ ਕਰਵਾਏ ਗਏ ਹਨ, ਜਿਨ੍ਹਾਂ `ਚੋਂ 87 ਸੀਜੇਰੀਅਨ ਤੇ 104 ਨਾਰਮਲ ਡਲਿਵਰੀ ਨਾਲ ਪੈਦਾ ਹੋਏ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਡਾ. ਜੈਨ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦਰਮਿਆਨ ਵੀ ਹਸਪਤਾਲ ਦੇ ਵਿੱਚ ਸਟਾਫ ਵੱਲੋਂ ਮਿਹਨਤ ਤੇ ਲਗਨ ਨਾਲ ਕੀਤੇ ਕੰਮ ਦਾ ਹੀ ਨਤੀਜਾ ਹੈ ਕਿ ਬੁਨਿਆਦੀ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕਿਆ ਹੈ ਅਤੇ ਆਮ ਨਾਲੋਂ ਵੱਧ ਕੰਮ ਹੋਣ ਦੇ ਬਾਵਜੂਦ ਪਿਛਲੇ 10 ਸਾਲਾਂ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਲੀਵਰੀਆਂ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੇ ਕਰੋਨਾ ਟੈਸਟ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਡਿਲੀਵਰੀ ਸਮੇਂ ਉਨਾਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਸਾਹਪਣਾ ਨਾ ਕਰਨਾ ਪਏ। ਉਨਾਂ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਗਰਭਵਤੀ ਔਰਤਾਂ ਦਾ ਜਣੇਪਾ ਕਰਵਾਉਣਾ ਆਮ ਨਾਲੋਂ ਵੱਧ ਚਣੌਤੀ ਭਰਿਆ ਹੁੰਦਾ ਹੈ ਪਰ ਉਨ੍ਹਾਂ ਦੇ ਹਸਪਤਾਲ ਦੇ ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਤੇ ਹੋਰ ਅਮਲੇ ਨੇ ਇਸ ਮੁਸ਼ਕਿਲ ਦੀ ਘੜੀ `ਚ ਆਪਣਾ ਫ਼ਰਜ਼ ਬਾਖੂਬੀ ਨਿਭਾਉਂਦਿਆਂ ਪੂਰੇ ਪੇਸ਼ੇਵਰ ਤਰੀਕੇ ਤੇ ਮਾਨਵੀ ਸੰਵੇਦਨਾ ਨਾਲ ਜਣੇਪੇ ਦੇ ਕਾਰਜ ਨੂੰ ਸਿਰੇ ਚੜ੍ਹਾਇਆ ਹੈ।ਇਸ ਮੌਕੇ ਗਾਇਨੀ ਦੇ ਮਾਹਰ ਡਾਕਟਰ ਹਰਪ੍ਰੀਤ ਕੌਰ ਤੇ ਡਾ. ਅਰਚਨਾ ਤੋਂ ਇਲਾਵਾ ਦਲਵਿੰਦਰ ਕੌਰ ਨਰਸਿੰਗ ਸਿਸਟਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ।