ਅਸ਼ੋਕ ਵਰਮਾ
ਬਠਿੰਡਾ, 05 ਅਗਸਤ 2020: ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦੀ ਦੇਖ-ਰੇਖ ਹੇਠ ‘ਮਾਂ ਦੇ ਦੁੱਧ ਦੀ ਮਹੱਤਤਾ’ ਸਬੰਧੀ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਗਿਆ। ਜੱਚਾ-ਬੱਚਾ ਸਿਵਲ ਹਸਪਤਾਲ ਬਠਿੰਡਾ ਦੇ ਪੀ.ਪੀ.ਯੂਨਿਟ ਵਿਖੇ ਆਯੋਜਿਤ ਕੀਤੇ ਗਏ ਇਸ ਸਮਾਗਮ ’ਚ ਮਾਂ ਦੇ ਦੁੱਧ ਦੀ ਮਹੱਤਤਾ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਦੁੱਧ ਪਿਲਾਉਂਦੀਆਂ ਮਾਵਾਂ ਤੇ ਗਰਭਵਤੀ ਮਾਵਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਦੁੱੱਧ ਬੱਚੇ ਲਈ ਅੰਮਿ੍ਰਤ ਸਮਾਨ ਹੈ ਤੇ ਇਹ ਬੱਚੇ ਦਾ ਮੁੱਢਲਾ ਹੱਕ ਵੀ ਹੈ। ਜੇਕਰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਬੱਚੇ ਨੂੰ ਦਿੱਤਾ ਜਾਵੇ ਤਾਂ 70 ਫ਼ੀਸਦੀ ਤੱਕ ਬਿਮਾਰੀਆਂ ਨੂੰ ਕਵਰ ਕੀਤਾ ਜਾ ਸਕਦਾ ਹੈ । ਉਨਾਂ ਇਹ ਵੀ ਦੱਸਿਆ ਕਿ ਜਿਹੜੇ ਬੱਚੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਪੀਂਦੇ ਹਨ ਉਨਾਂ ਦਾ ਮਾਨਸਿਕ ਤੇ ਬੌਧਕ ਤੌਰ ’ਤੇ ਸੰਪੂਰਨ ਵਿਕਾਸ ਹੁੰਦਾ ਹੈ।
ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਨੂੰ ਸ਼ਹਿਦ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਜਨਮਘੁਟੀ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਨਾਲ ਬੱਚੇ ਨੂੰ ਇੰਨਫੈਕਸ਼ਨ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ। ਉਨਾਂ ਕਿਹਾ ਕਿ ਇੱਕ ਗਰਭਵਤੀ ਮਾਂ ਲਈ ਸੰਤੁਲਿਤ ਆਹਾਰ ਦੀ ਬੜੀ ਜ਼ਰੂਰਤ ਹੈ। ਆਮ ਹਾਲਤ ਚ ਇੱਕ ਔਰਤ ਨੂੰ ਰੋਜ਼ਾਨਾ 1900 ਕੈਲਰੀਜ ਤੇ 50 ਗ੍ਰਾਮ ਪ੍ਰੋਟੀਨ ਚਾਹੀਦੇ ਹਨ, ਪਰ ਗਰਭਵਤੀ ਔਰਤ ਨੂੰ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਰੋਜਾਨਾ 300 ਕੈਲਰੀਜ ਤੇ 15 ਗ੍ਰਾਮ ਪ੍ਰੋਟੀਨ ਦੀ ਵਧੇਰੇ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਵਿਟਾਮਨ, ਕੈਲਸ਼ੀਅਮ, ਲੋਹਾ, ਫੌਲਿਕ ਐਸਿਡ ਤੇ ਖਣਿਜ ਪਦਾਰਥਾਂ ਵੀ ਵਧੇਰੇ ਮਾਤਰਾ ’ਚ ਲੋੜੀਂਦੇ ਹਨ। ਗਰਭ ’ਚ ਪਲ ਰਹੇ ਬੱਚੇ ਦੇ ਸਰਬਪੱਖੀ ਵਿਕਾਸ ਲਈ ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਅੰਜਲੀ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਪਹਿਲਾ ਬੌਲਾ ਦੱੁਧ ਜਿਸ ’ਚ ਕਲੋਸਟਰੰਮ ਨਾਮ ਦਾ ਤੱਤ ਹੁੰਦਾ ਹੈ। ਬੱਚੇ ਅੰਦਰ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਉਨਾਂ ਦੱਸਿਆ ਕਿ ਜੇਕਰ ਕੋਵਿਡ19 ਮਹਾਂਮਾਰੀ ਦੌਰਾਨ ਕੋਈ ਔਰਤ ਕੋਰੋਨਾਂ ਪਾਜਿਟਿਵ ਪਾਈ ਜਾਂਦੀ ਹੈ ਤਾਂ ਉਹ ਵੀ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਬੱਚੇ ਨੂੰ ਸਤਨਪਾਨ ਕਰਵਾ ਸਕਦੀ ਹੈ। ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਜਿਵੇ ਕਿ ਜੇ.ਐਸ.ਵਾਈ., ਜੇ.ਐਸ.ਐਸ.ਕੇ, ਮੁੱਖ ਮੰਤਰੀ ਹੈਪੇਟਾਇਟਸ ਰਲੀਫ ਫੰਡ ਤੇ ਆਰ.ਬੀ.ਐਸ.ਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਐਲ.ਐਚ. ਵੀ. ਹਰਭਜਨ ਕੌਰ, ਏ.ਐਨ. ਐਮ. ਗੁਰਵਿੰਦਰ ਕੌਰ, ਜਗਦੀਸ਼ ਰਾਮ ਤੇ ਆਸ਼ਾ ਵਰਕਰ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਬੱਚਿਆਂ ਦੇ ਮਾਹਿਰ ਡਾ. ਅੰਜਲੀ ਬਾਂਸਲ ਅਤੇ ਡਿਪਟੀ ਐਮ.ਈ.ਆਈ. ਓ. ਕੁਲਵੰਤ ਸਿੰਘ ਹਾਜ਼ਰ ਸਨ।