ਅਸ਼ੋਕ ਵਰਮਾ
ਬਠਿੰਡਾ, 24 ਅਗਸਤ 2020: ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਸੰਧੂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਦੀ ਅਗਵਾਈ ਹੇਠ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੇ ਫ਼ੀਲਡ ਸਟਾਫ਼ ਵੱਲੋ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਦਾ ਮਕਸਦ ਲੋਕਾਂ ਦੇ ਮਨਾਂ ਵਿੱਚੋ ਕੋਰੋਨਾ ਪ੍ਰਤੀ ਮਿੱਥ ਨੂੰ ਖ਼ਤਮ ਕਰਨਾਂ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਰਮਨਪ੍ਰੀਤ ਕੌਰ ਨੇ ਕਿਹਾ ਕਿ ਬੇਸ਼ੱਕ ਕੋਰੋਨਾ ਮਹਾਂਮਾਰੀ ਦੇ ਕਾਰਨ ਕਾਫ਼ੀ ਮੌਤਾਂ ਹੋਇਆਂ ਹਨ ਲੇਕਿਨ ਇੱਕ ਵੱਡੀ ਗਿਣਤੀ ਇਸ ਨੂੰ ਹਰਾ ਕੇ ਜਿੱਤਣ ਵਾਲਿਆਂ ਦੀ ਹੈ। ਉਹਨਾਂ ਕਿਹਾ ਕਿ ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕੋਰੋਨਾ ਬਾਰੇ ਸਹੀ ਜਾਣਕਾਰੀ ਹੋਣਾ। ਉਹਨਾਂ ਕਿਹਾ ਕਿ ਕੋਰੋਨਾ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫ਼ੈਲਦਾ ਹੈ ਇਸ ਲਈ ਸਭ ਤੋਂ ਪਹਿਲਾਂ ਮਾਸਕ ਪਹਿਨਣ ਅਤੇ ਸਮੇਂ ਸਮੇਂ ਤੇ ਹੱਥਾਂ ਦੀ ਸਫ਼ਾਈ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਸਾਡੀ ਖ਼ੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਿਮਾਰੀ ਨਾਲ ਲੜਨ ਲਈ ਸਾਡੇ ਸਰੀਰ ਅੰਦਰ ਤਾਕਤ ਹੋਣੀ ਚਾਹੀਦੀ ਹੈ ਜੋ ਸਾਨੂੰ ਪੌਸ਼ਟਿਕ ਭੋਜਨ ਜਿਸ ਵਿੱਚ ਹਰੀਆਂ ਸਬਜ਼ੀਆਂ, ਦੁੱਧ, ਮਾਸ, ਫ਼ਲ ਆਦਿ ਤੋਂ ਮਿਲਦੀ ਹੈ। ਇਸ ਦੇ ਨਾਲ ਹੀ ਸਾਨੂੰ ਸਵੇਰੇ ਸ਼ਾਮ ਕਸਰਤ ਕਰਨੀ ਚਾਹੀਦੀ ਹੈ। ਜਿਸ ਵਿੱਚ ਸੈਰ ਤੋਂ ਇਲਾਵਾ ਕਸਰਤ ਜਾਂ ਯੋਗਾ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਬਦਲ ਰਹੇ ਮੌਸਮ ਵਿੱਚ ਗੱਲਾ ਖ਼ਰਾਬ, ਸਰੀਰ ਵਿੱਚ ਥਕਾਵਟ ਤੇ ਹਲਕਾ ਬੁਖ਼ਾਰ ਜਿਹੇ ਆਮ ਲੱਛਣ ਵੇਖਣ ਨੂੰ ਮਿਲ ਰਹੇ ਹਨ। ਇਸ ਨੂੰ ਕੋਰੋਨਾ ਨਾਲ ਜੋੜਨ ਦੀ ਬਜਾਏ ਡਾਕਟਰ ਕੋਲ ਜਾ ਕੇ ਸਲਾਹ ਲੈਣੀ ਚਾਹੀਦੀ ਹੈ।
ਇਸ ਮੌਕੇ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਕਿਹਾ ਕਿ ਬੀਤੇ ਕੁੱਝ ਮਹੀਨਿਆਂ ਤੋਂ ਅਖ਼ਬਾਰ, ਟੀਵੀ, ਸ਼ੋਸ਼ਲ ਮੀਡੀਆ ਉੱਪਰ ਕੋਰੋਨਾ ਨਾਲ ਮਰਨ ਜਾਂ ਪੀੜਤਾਂ ਦੀ ਖਬਰਾਂ ਚੱਲ ਰਹੀਆਂ ਹਨ ਜਿਸ ਨੂੰ ਵਾਰ ਵਾਰ ਸੁਣਨ ਜਾਂ ਪੜ੍ਹਣ ਨਾਲ ਵੀ ਮਾਨਸਿਕ ਤਣਾਓ ਬਣਦਾ ਹੈ । ਇਸ ਲਈ ਸਕਰਾਤਮਕ ਵਿਚਾਰਾਂ ਨੂੰ ਗ੍ਰਹਿਣ ਕਰੋ, ਪੁਸਤਕਾਂ ਪੜ੍ਹੋ, ਫ਼ਿਲਮਾਂ ਵੇਖੋ ਅਤੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ।