ਐਸ.ਐਮ.ਓ. ਡਾ. ਦਿਲਬਾਗ ਸਿੰਘ ਵਲੋਂ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਵੀ ਬਚਣ ਦੀ ਅਪੀਲ
ਐਸ.ਏ.ਐਸ ਨਗਰ (ਬੂਥਗੜ੍ਹ), 04 ਸਤੰਬਰ 2020: ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਅਗਵਾਈ ਹੇਠ ਸਿਹਤ ਟੀਮ ਨੇ ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿਚ ਵਿਚ 'ਕੋਰੋਨਾ ਵਾਇਰਸ' ਤੋਂ ਪੀੜਤ ਮਰੀਜ਼ ਦੇ ਘਰ ਅਤੇ ਆਲੇ-ਦੁਆਲੇ ਨੂੰ ਦਵਾਈ ਛਿੜਕ ਕੇ ਰੋਗਾਣੂ ਮੁਕਤ ਕੀਤਾ। ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਇਸ ਪਿੰਡ ਦੀ 61 ਸਾਲਾ ਔਰਤ 'ਕੋਰੋਨਾ ਵਾਇਰਸ' ਬੀਮਾਰੀ ਦੀ ਲਪੇਟ ਵਿਚ ਆ ਗਈ ਸੀ ਜਿਸ ਕਾਰਨ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ । ਉਨ੍ਹਾਂ ਦਸਿਆ ਕਿ ਸਿਹਤ ਟੀਮ ਨੇ ਸਬੰਧਤ ਔਰਤ ਦੇ ਘਰ ਅਤੇ ਆਲੇ-ਦੁਆਲੇ ਨੂੰ ਸੈਨੇਟਾਈਜ਼ ਕੀਤਾ ਹੈ ਤਾਕਿ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ । ਉਨ੍ਹਾਂ ਕਿਹਾ ਕਿ ਇਸ ਮਾਰੂ ਬੀਮਾਰੀ ਦਾ ਪਤਾ ਲਾਉਣ ਲਈ ਟੈਸਟਾਂ ਦੀ ਗਿਣਤੀ ਵਧਣ ਕਾਰਨ ਲਾਗ ਦੇ ਕੇਸ ਵੀ ਵੱਧ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਥਾਈਂ ਲੋਕ ਬਿਨਾਂ ਮੂੰਹ ਢਕੇ ਹੀ ਘੁੰਮ ਰਹੇ ਹਨ ਅਤੇ ਹੋਰ ਸਾਵਧਾਨੀਆਂ ਵੀ ਨਹੀਂ ਵਰਤ ਰਹੇ ।
ਐਸ.ਐਮ.ਓ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ । ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ । ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾਵੇ।
ਡਾ. ਦਿਲਬਾਗ਼ ਸਿੰਘ ਨੇ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਵੀ ਬਚਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਲ-ਨਾਲ ਡੇਂਗੂ ਬੁਖ਼ਾਰ ਤੋਂ ਵੀ ਬਚਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਕਿਸੇ ਵੀ ਜਗ੍ਹਾ ਪਾਣੀ ਖੜਾ ਨਾ ਹੋਣ ਦਿਤਾ ਜਾਵੇ । ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਫ਼ਰਿੱਜਾਂ ਦੀਆਂ ਟਰੇਆਂ, ਕੂਲਰਾਂ ਆਦਿ ਨੂੰ ਖ਼ਾਲੀ ਕਰ ਕੇ ਸੁਕਾਉ । ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ ਖੜਾ ਨਾ ਹੋਣ ਦਿਉ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰਖਿਆ ਜਾਵੇ। ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਵਿਚ ਕਈ ਕਈ ਦਿਨ ਪੁਰਾਣਾ ਪਾਣੀ ਖੜਾ ਨਾ ਹੋਵੇ। ਕੂਲਰ ਚਾਲੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾਏ ਜਾਣ। ਅਜਿਹੇ ਕਪੜੇ ਪਾਏ ਜਾਣ ਜਿਨ੍ਹਾਂ ਨਾਲ ਪੂਰਾ ਸਰੀਰ ਖ਼ਾਸਕਰ ਬਾਹਾਂ ਅਤੇ ਲੱਤਾਂ ਢਕੀਆਂ ਰਹਿਣ । ਇਸ ਮੌਕੇ ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਪਿੰਡ ਦੇ ਸਰਪੰਚ ਸੁਰਿੰਦਰ ਸਿੰਘ, ਸਿਹਤ ਵਰਕਰ ਅਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ ।