← ਪਿਛੇ ਪਰਤੋ
25 ਲੱਖ ਤੋਂ ਵੱਧ ਵਿਦਿਆਰਥੀ ਲੈ ਰਹੇ ਹਨ ਆਨਲਾਈਨ ਸਿੱਖਿਆ ਦਾ ਫਾਇਦਾ ਚੰਡੀਗੜ, 02 ਅਗਸਤ 2020: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕਰੋਨਾ-19 ਦੀ ਮਹਾਂਮਾਰੀ ਦੌਰਾਨ ਨਾ ਕੇਵਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਸਗੋਂ ਇਸ ਮੁਸ਼ਕਲ ਦੌਰ ਦੌਰਾਨ ਉਨਾਂ ਦੀ ਪੜਾਈ ਨੂੰ ਜਾਰੀ ਰੱਖਣ ਲਈ ਵੀ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਕਰੋਨਾ ਦੀ ਆਫਤ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲੀ ਵਾਰ ਆਨਲਾਈਨ ਦਾਖਲੇ ਅਤੇ ਆਨਲਾਈਨ ਸਿੱਖਿਆ ਦੀ ਪ੍ਕਿਰਿਆ ਸ਼ੁਰੂ ਕੀਤੀ ਕਿਉਕਿ ਇਨਾਂ ਹਾਲਤਾਂ ਵਿੱਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਮੱਦੇਨਜ਼ਰ ਸਕੂਲ ਖੋਲਣੇ ਅਜੇ ਵੀ ਸੰਭਵ ਨਹੀਂ ਹਨ। ਇਸ ਕਰਕੇ ਪੰਜਾਬ ਭਰ ਦੇ 19000 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ। ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ 14 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਡੇਢ ਲੱਖ ਦੇ ਕਰੀਬ ਦਾਖਲਿਆਂ ਵਿੱਚ ਵਾਧਾ ਹੋਇਆ ਹੈ। ਇਸ ਪੜਾਈ ਦੀ ਅਹਿਮ ਗੱਲ ਇਹ ਹੈ ਕਿ ਦੂਰਦਰਸ਼ਨ ’ਤੇ ਦਿੱਤੇ ਜਾ ਰਹੇ ਲੈਕਚਰਾਂ ਦਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਫਾਇਦਾ ਉਠਾ ਰਹੇ ਹਨ। ਸਿੱਖਿਆ ਮੰਤਰੀ ਦੀ ਸੇਧ ’ਤੇ ਸਿਖਿਆ ਸਿਖਿਆ ਸਕੱਤਰ ਸ਼ੀ੍ ਕਿ੍ਸ਼ਨ ਕੁਮਾਰ ਇਸ ਨਿਵੇਕਲੀ ਪਹਿਲਕਦਮੀ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਕੇ ਨਾ ਕੇਵਲ ਆਨਲਾਈਨ ਪੜਾਈ ਦੀ ਪ੍ਕਿਰਿਆ ਦਾ ਕੰਮ ਸ਼ੁਰੂ ਕੀਤਾ ਸਗੋਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਇਸ ਖੇਤਰ ਵਿੱਚ ਪਹਿਲ ਕਰਕੇ ਚੰਗੇ ਨਤੀਜੇ ਵੀ ਕੱਢੇ। ਇਸ ਦੇ ਸਿੱਟੇ ਵੱਜੋ ਸੂਬੇ ਦੇ ਸਰਕਾਰੀ ਸਕੂਲਾਂ ਚ ਸ਼ੈਸ਼ਨ 2019-2020 ਦੇ ਮੁਕਾਬਲੇ, ਸ਼ੈਸ਼ਨ 2020-2021 ’ਚ ਤਕਰੀਬਨ ਡੇਢ ਲੱਖ ਤੋ ਜ਼ਿਆਦਾ ਦਾਖਲੇ ਹੋਏ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਕਿਤਾਬਾਂ ਤੇ ਵਰਦੀਆਂ ਮੁਫਤ ਵੰਡਣ ਦੇ ਕੰਮ ਨੂੰ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ। ਸਿੱਖਿਆ ਵਿਭਾਗ ਦਾ ਇਹ ਕਾਰਜ ਨਾ ਸਿਰਫ ਆਨਲਾਈਨ ਪੜਾਈ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਸਰਕਾਰੀ ਸਕੂਲਾਂ ਨੇ 6 ਤੋਂ 12ਵੀਂ ਜਮਾਤ ਤੱਕ ਪੜਦੇ ਵਿਦਿਆਰਥੀਆਂ ਦੇ ਜੁਲਾਈ ਦੀ ਪਹਿਲੀ ਟਰਮ ਦੇ ਪੇਪਰ ਆਨਲਾਈਨ ਲੈ ਕੇ ਇੱਕ ਨਵਾਂ ਮੀਲ ਪੱਥਰ ਵੀ ਗੱਡਿਆ। ਸਿਖਿਆ ਵਿਭਾਗ ਵੱਲੋਂ ਹਰ ਵਿਸ਼ੇ ਦਾ 20 ਅੰਕ ਦਾ ਪੇਪਰ ਲਿਆ ਗਿਆ ਹੈ। ਵਿਦਿਆਰਥੀਆਂ ਵੱਲੋ ਆਨਲਾਈਨ ਟੈਸਟ ਚ ਕਾਫੀ ਰੁਚੀ ਵਿਖਾਈ ਗਈ ਅਤੇ ਅਧਿਆਪਕਾਂ ਨੇ ਆਨਲਾਈਨ ਪੇਪਰ ਲੈਣ ਕੇ ਵਿਦਿਆਰਥੀਆਂ ਦੇ ਆਨਲਾਈਨ ਨੰਬਰ ਵੀ ਲਾ ਦਿੱਤੇ। ਸੋਸ਼ਲ ਮੀਡੀਏ ਰਾਹੀਂ ਹੱਲ ਕੀਤੇ ਪੇਪਰਾਂ ਦੀ ਚੈਕਿੰਗ ਵੀ ਅਧਿਆਪਕਾਂ ਦੁਆਰਾ ਮੋਬਾਇਲ ਫੋਨ ਉਤੇ ਵੱਖ ਵੱਖ ਐਪਸ ਡਾਊਨਲੋਡ ਕਰਕੇ ਕੀਤੀ ਗਈ। ਸਿੱਖਿਆ ਵਿਭਾਗ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਇਸ ਪਹਿਲੇ ਤਜਰਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
Total Responses : 267