ਗੁਰਦਾਸਪੁਰ, 22 ਸਤੰਬਰ, 2017 : ਗੁਰਦਾਸਪੁਰ ਦੀ ਲੋਕ ਸਭਾ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਦੁਪਹਿਰ ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਕੋਲ ਆਪਣਾ ਨਾਮਜ਼ਦਗੀ ਭਰਿਆ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਮੰਤਰੀ ਸਥਾਨਕ ਸਰਕਾਰਾਂ ਨਵਜੋਤ ਸਿੱਧੂ, ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਸਮੇਤ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਪਟਿਆਲਾ ਨਾਲ ਸਬੰਧਤ ਹਨ ਪਰ ਫਿਰ ਵੀ ਉਨਾਂ ਨੇ ਅੰਮਿ੍ਰਤਸਰ ਲੋਕ ਸਭਾ ਚੋਣ ਸਫਲਤਾਪੂਰਨ ਲੜੀ ਅਤੇ ਲੋਕਾਂ ਨੇ ਕਦੀ ਉਨਾਂ ਨੂੰ ਬਾਹਰੀ ਨਹੀਂ ਮੰਨਿਆ। ਉਨਾਂ ਕਿਹਾ ਕਿ ਵਿਰੋਧੀਆਂ ਵੱਲੋਂ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਇਸ ਤਰਾਂ ਦੇ ਫਜ਼ੂਲ ਮੁੱਦੇ ਉਭਾਰੇ ਜਾਂਦੇ ਹਨ। ਉਨਾਂ ਕਿਹਾ ਕਿ ਸਵਰਗੀ ਲੋਕ ਸਭਾ ਮੈਂਬਰ ਵਿਨੋਦ ਖੰਨਾ ਵੀ ਮੁੰਬਈ ਨਾਲ ਹੀ ਸਬੰਧਤ ਸਨ ਜਿਨਾਂ ਦੀ ਮੌਤ ਤੋਂ ਬਾਅਦ ਇਹ ਉਪ ਚੋਣ ਹੋ ਰਹੀ ਹੈ।
ਕਿਸਾਨੀ ਕਰਜ਼ੇ ਮੁਆਫ ਕਰਨ ਦੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਖਰੜਾ ਨੋਟੀਫਿਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਚੋਣ ਕਮਿਸ਼ਨ ਦੀ ਹਰੀ ਝੰਡੀ ਤੋਂ ਬਾਅਦ ਇਹ ਜਾਰੀ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਉਨਾਂ ਨੂੰ ਨਹੀਂ ਲਗਦਾ ਕਿ ਚੋਣ ਕਮਿਸ਼ਨ ਇਸ ’ਤੇ ਕੋਈ ਇਤਰਾਜ਼ ਕਰੇਗਾ ਕਿਉਂਕਿ ਪੰਜ ਏਕੜ ਤੱਕ ਦੇ ਸੀਮਾਂਤ ਅਤੇ ਛੋਟੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਅਤੇ ਹੋਰਨਾਂ ਛੋਟੇ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਕਰਜ਼ੇ ਦੀ ਰਾਹਤ ਦੇਣ ਦਾ ਐਲਾਨ ਉਨਾਂ ਵੱਲੋਂ ਜੂਨ ਮਹੀਨੇ ਵਿੱਚ ਵਿਧਾਨ ਸਭਾ ’ਚ ਕੀਤਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਕਿਸਾਨਾਂ ਨੂੰ ਹੋਰ ਵੀ ਵੱਧ ਰਾਹਤ ਦੇਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੂੰ ਵਿਰਸੇ ਵਿੱਚ ਖਾਲੀ ਖਜ਼ਾਨਾ ਮਿਲਿਆ ਹੈ ਜਿਸ ਕਰਕੇ ਮੌਜੂਦਾ ਸਮੇਂ ਇਸ ਤੋਂ ਵੱਧ ਕੁਝ ਨਹੀਂ ਕੀਤਾ ਜਾ ਸਕਦਾ। ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੇ ਕੇਵਲ 50,000 ਰੁਪਏ ਤੱਕ ਕਰਜ਼ਾ ਮੁਆਫ ਕੀਤਾ ਹੈ ਜਦਕਿ ਉਨਾਂ ਦੀ ਸਰਕਾਰ ਵੱਲੋਂ 2 ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕੀਤਾ ਗਿਆ ਹੈ।
ਬਾਅਦ ਵਿੱਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਨਾਂ ਦੀ ਸਰਕਾਰ ਕਰਜ਼ੇ ਮੁਆਫੀ ਦੇ ਕੀਤੇ ਗਏ ਵਾਅਦੇ ਨੰੂ ਅਮਲ ਵਿੱਚ ਲਿਆਉਣ ਲਈ ਪੈਸਾ ਇਕੱਤਰ ਕਰਨ ਵਾਸਤੇ ਢੰਗ-ਤਰੀਕੇ ਲੱਭੇਗੀ। ਉਨਾਂ ਨੇ ਇਹ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਜਿਸ ’ਤੇ ਉਹ ਅਜੇ ਵੀ ਕਾਇਮ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਯਕੀਨਣ ਤੌਰ ’ਤੇ ਫੰਡਾਂ ਦਾ ਪ੍ਰਬੰਧ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਉਨਾਂ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਬਹੁਤ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਹਾਲ ਹੀ ਵਿੱਚ ਸਰਹੱਦੀ ਜ਼ਿਲੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਸਮੁੱਚੇ ਵਿਕਾਸ ਲਈ ਅਨੇਕਾਂ ਪ੍ਰੋਜੈਕਟਾਂ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਜਿਨਾਂ ਵਿੱਚ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਮਨਰੇਗਾ ਸਕੀਮ ਹੇਠ 97,000ਨਵੇਂ ਕਾਰਡ ਬਣਾਉਣਾ ਵੀ ਸ਼ਾਮਲ ਹੈ।
ਉਨਾਂ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਦੇ 750 ਕਰੋੜ ਰੁਪਏ ਦੇ ਪ੍ਰੋਜੈਕਟਾਂ ਲਈ ਰਾਸ਼ੀ ਪਹਿਲਾਂ ਹੀ ਪ੍ਰਵਾਨ ਕਰ ਦਿੱਤੀ ਗਈ ਹੈ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਉਨਾਂ ਕਿਹਾ ਕਿ ਇਸ ਜ਼ਿਲੇ ਵਿੱਚ ਸਾਰੇ ਦਿਹਾਤੀ ਪਰਿਵਾਰਾਂ ਨੂੰ ਪਖਾਨੇ ਅਤੇ ਪਾਣੀ ਦੇ ਕੁਨੈਕਸ਼ਨ ਦੇਣ ਲਈ 83 ਕਰੋੜ ਰੱਖੇ ਗਏ ਹਨ।
ਉਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਲਈ 45 ਕਰੋੜ ਅਤੇ ਅਸ਼ੀਰਵਾਰ ਸਕੀਮ ਲਈ 7 ਕਰੋੜ ਰੁਪਏ ਜਾਰੀ ਕੀਤੇ ਜਾਣ ਤੋਂ ਇਲਾਵਾ ਉਨਾਂ ਦੀ ਸਰਕਾਰ ਨੇ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਦੇ ਮਿਊਂਸਿਪਲ ਇਲਾਕਿਆਂ ਦੇ ਸਿਵਲ ਕੰਮਾਂ ਲਈ 18 ਕਰੋੜ ਰੁਪਏ ਰੱਖੇ ਹਨ। ਗੁਰਦਾਸਪੁਰ ਜ਼ਿਲੇ ਵਿੱਚ ਸਿਹਤ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ 44.02 ਅਤੇ ਸਕੂਲ ਬੁਨਿਆਦੀ ਢਾਂਚੇ ਦਾ ਪੱਧਰ ਚੁੱਕਣ ਲਈ 118 ਕਰੋੜ ਰੁਪਏ ਦੀ ਵਿਵਸਥਾ ਕੀਤਾ ਹੈ। ਇਸ ਤੋਂ ਇਲਾਵਾ ਪਠਾਨਕੋਟ ਸ਼ਹਿਰ ਦਾ ਮੁਹਾਂਦਰਾ ਬਦਲਣ ਲਈ 67 ਕਰੋੜ ਰੁਪਏ ਅਤੇ ਬਟਾਲਾ ਦੇ ਵਾਸਤੇ 42 ਕਰੋੜ ਰੁਪਏ ਰੱਖੇ ਹਨ।
ਆਪਣੀ ਸਰਕਾਰ ਲਈ ਬੇਰੁਜ਼ਗਾਰੀ ਨੂੰ ਇਕ ਵੱਡੀ ਸਮੱਸਿਆ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਹਾਲ ਹੀ ਵਿੱਚ ਲੱਗੇ ਨੌਕਰੀ ਮੇਲਿਆਂ ਦੌਰਾਨ ਉਨਾਂ ਦੀ ਸਰਕਾਰ ਦੀ ਯੋਜਨਾ ਨੂੰ ਵੱਡੀ ਸਫਲਤਾ ਮਿਲੀ ਹੈ। ਇਹ ਮੇਲੇ ਸਾਲ ਵਿੱਚ ਦੋ ਵਾਰ ਲਾਇਆ ਜਾਇਆ ਕਰਨਗੇ। ਅਗਲਾ ਮੇਲਾ ਫਰਵਰੀ ਵਿੱਚ ਲੱਗੇਗਾ। ਉਨਾਂ ਕਿਹਾ ਕਿ ਮੇਲੇ ਦੇ ਆਖਰੀ ਦਿਨ 5ਸਤੰਬਰ ਨੂੰ 27000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਵੱਖ-ਵੱਖ ਕੰਪਨੀਆਂ ਨਾਲ 2.70 ਲੱਖ ਨੌਕਰੀਆਂ ਪੈਦਾ ਕਰਨ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ ਹਨ।
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਿੰਘ ਸਲਾਰੀਆ ਉੱਤੇ ਤੰਨਜ਼ ਕੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਉਹ ਵਿਅਕਤੀ ਹਲਕੇ ਲਈ ਕੀ ਕਰੇਗਾ, ਜਿਹੜਾ ਆਪਣਾ ਚਿੰਤਪੁਰਨੀ ਮੈਡੀਕਲ ਕਾਲਜ ਚਲਾਉਣ ਵਿੱਚ ਹੀ ਅਸਫਲ ਹੋ ਗਿਆ ਅਤੇ ਜਿਸਨੇ 1800 ਵਿਦਿਆਰਥੀਆਂ ਦੇ ਕੈਰੀਅਰ ਨੂੰ ਢਾਹ ਲਾ ਦਿੱਤੀ।’’ ਉਨਾਂ ਕਿਹਾ ਕਿ ਹਾਈ ਕੋਰਟ ਨੇ ਸਲਾਰੀਆ ਦਾ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਨਾਂ ਦੀ ਸਰਕਾਰ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਹੋਰਨਾਂ ਕਾਲਜਾਂ ਵਿੱਚ ਖਪਾਉਣ ਲਈ ਐਮ.ਸੀ.ਆਈ. ਤੋਂ ਇਜਾਜ਼ਤ ਮੰਗੀ ਹੈ ਤਾਂ ਜੋ ਉਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।
ਸਲਾਰੀਆ ਨੂੰ ਸਿਆਸੀ ਮੌਕਾਪ੍ਰਸਤ/ਦੋਗਲੀ ਰਾਜਨੀਤੀ ਦਾ ਵਪਾਰੀ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹੀਨਾ ਪਹਿਲਾਂ ਸਲਾਰੀਆ ਨੇ ਕਾਂਗਰਸ ਦੀ ਟਿਕਟ ਲਈ ਉਨਾਂ ਤੱਕ ਪਹੁੰਚ ਕੀਤੀ ਸੀ ਅਤੇ ਹੁਣ ਉਹ ਭਾਜਪਾ ਦੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਿਆ ਹੈ। ਉਨਾਂ ਕਿਹਾ ਕਿ ਉਸਦਾ ਇਕ ਨੁਕਾਤੀ ਮਕਸਦ ਸਿਰਫ ਪੈਸੇ ਬਣਾਉਣਾ ਹੈ ਅਤੇ ਉਹ ਕਦੇ ਵੀ ਹਲਕੇ ਦੇ ਲੋਕਾਂ ਖਾਤਰ ਮੁੰਬਈ ’ਚ ਸਥਾਪਤ ਆਪਣੇ ਕਾਰੋਬਾਰੀ ਹਿੱਤਾਂ ਨੂੰ ਨਹੀਂ ਛੱਡੇਗਾ।
ਲੋਕਾਂ ਨੂੰ ਸੁਨੀਲ ਜਾਖੜ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਜਾਖੜ ਨੂੰ ਇਮਾਨਦਾਰ ਅਤੇ ਅਗਾਂਹਵਧੂ ਕਿਸਾਨ, ਬੇਬਾਕ ਬੁਲਾਰਾ, ਨਿਡਰ ਅਤੇ ਸਾਫ ਅਕਸ ਵਾਲਾ ਸਿਆਸਤਦਾਨ ਦੱਸਿਆ। ਉਨਾਂ ਕਿਹਾ ਕਿ ਸਿਰਫ ਜਾਖੜ ਹੀ ਹਲਕੇ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰ ਸਕਦੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਵਿੱਚ ਅਸਰਦਾਰ ਢੰਗ ਨਾਲ ਰੱਖਿਆ ਜਾਵੇ।
ਮੁੱਖ ਮੰਤਰੀ ਨੇ ਅਕਾਲੀ ਲੀਡਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨਾਂ ਨੇ ਪੂਰਾ ਇਕ ਦਹਾਕਾ ਰਾਜ ਨੂੰ ਰੱਜ ਕੇ ਲੁੱਟਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨਾਂ ਅਕਾਲੀਆਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਅਤੇ ਪੈਸੇ ਕਮਾਉਣ ਖਾਤਰ ਨਸ਼ਿਆਂ ਅਤੇ ਹੋਰ ਮਾੜੇ ਕੰਮਾਂ ਦੀ ਸਰਪ੍ਰਸਤੀ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦਾ ਸਲਾਰੀਆ ਨੂੰ ਮੈਦਾਨ ’ਚ ਉਤਾਰਨ ਦੇ ਫੈਸਲੇ ਨਾਲ ਉਨਾਂ ਦਾ ਕੰਮ ਹੋਰ ਸੌਖਾ ਹੋ ਗਿਆ ਹੈ ਕਿਉਂਕਿ ਉਹ ਵਿਨੋਦ ਖੰਨਾ ਦੇ ਬਹੁਤ ਤਕੜੇ ਪ੍ਰਸ਼ੰਸਕ ਸਨ ਅਤੇ ਕਵਿਤਾ ਖੰਨਾ ਖਿਲਾਫ ਚੋਣ ਲੜਣ ’ਚ ਉਨਾਂ ਦੇ ਦਿਲ ’ਤੇ ਬੋਝ ਰਹਿਣਾ ਸੀ।
ਉਨਾਂ ਕਿਹਾ ਕਿ ਭਾਜਪਾ ਵਪਾਰੀਆਂ ਦੀ ਪਾਰਟੀ ਹੈ ਜਿਸ ਲਈ ਉਨਾਂ ਸਲਾਰੀਆ ਦੀ ਚੋਣ ਕੀਤੀ ਹੈ।
ਕਾਂਗਰਸ ਪਾਰਟੀ ਵਿੱਚ ਯੋਗ ਉਮੀਦਵਾਰਾਂ ਦੀ ਕਮੀ ਨਾ ਹੋਣ ਦੀ ਗੱਲ ਕਰਦਿਆਂ ਜਾਖੜ ਨੇ ਉਨਾਂ ਨੂੰ ਟਿਕਟ ਦੇਣ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਉਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਲੋਕ ਸਭਾ ’ਚ ਭਾਜਪਾ ਲਈ ਸਿਰਦਰਦੀ ਬਣ ਜਾਣਗੇ। ਉਨਾਂ ਕਿਹਾ ਕਿ ਉਹ ਵਿਕਾਸ ਦੇ ਮੁੱਦੇ ’ਤੇ ਚੋਣ ਲੜਣਗੇ ਅਤੇ ਵਿਰੋਧੀ ਧਿਰ ਵੱਲੋਂ ਕਿਸਾਨੀ ਕਰਜ਼ਿਆਂ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਨੰਗਾ ਕਰਨਗੇ।
ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਕਿਸਾਨਾਂ ਪ੍ਰਤੀ ਏਨੇ ਚਿੰਤਤ ਸਨ ਤਾਂ ਉਨਾਂ ਆਪਣੇ 10 ਸਾਲ ਦੇ ਰਾਜ ਦੌਰਾਨ ਕਰਜ਼ੇ ਮੁਆਫ ਕਿਉਂ ਨਹੀਂ ਕੀਤੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਇਤਿਹਾਸਕ ਫੈਸਲਾ ਲੈ ਕੇ ਪੂਰੇ ਮੁਲਕ ਨੂੰ ਰਾਹ ਦਿਖਾਇਆ ਹੈ। ਉਨਾਂ ਕਿਹਾ ਕਿ ਇਸ ਚੋਣ ਦੇ ਨਤੀਜੇ 2019 ਦੀਆਂ ਲੋਕ ਸਭਾ ਚੋਣਾਂ ਦੀ ਨੀਂਹ ਰੱਖਣਗੇ।
ਆਪਣੇ ਸੰਬੋਧਨ ਵਿੱਚ ਸੈਰ-ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ‘ਸਾਲਾ-ਜੀਜਾ’ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਗੱਲ ਕਰਦਿਆਂ ਕਿਹਾ ਕਿ ਉਨਾਂ ਸੂਬੇ ਨੂੰ ਤਬਾਹੀ ਦੇ ਕੰਢੇ ’ਤੇ ਧੱਕ ਦਿੱਤਾ। ਉਨਾਂ ਕਿਹਾ ਕਿ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ 10 ਸਾਲ ਦਿੱਤੇ ਅਤੇ ਸਾਨੂੰ 10 ਮਹੀਨੇ ਦੇਣ ਅਸੀਂ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਵਾਂਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੱਖੀ ਅਤੇ ਲੋਕ-ਹਿੱਤ ਲਏ ਜਾ ਰਹੇ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ 8000 ਕਿਸਾਨਾਂ ਦੇ ਖੁਦਕੁਸ਼ੀਆਂ ਕੀਤੀਆਂ ਸਨ।
ਆਮ ਆਦਮੀ ਪਾਰਟੀ ਦੇ ਮੁਕੰਮਲ ਸਫਾਏ ਦੀ ਗੱਲ ਕਰਦਿਆਂ ਸਿੱਧੂ ਨੇ ਲੋਕਾਂ ਨੂੰ ਖਬਰਦਾਰ ਕੀਤਾ ਕਿ ਭਾਜਪਾ ਨੂੰ ਗਈ ਹਰ ਇਕ ਵੋਟ ਸਿੱਧੇ ਤੌਰ ’ਤੇ ਸੁਖਬੀਰ ਬਾਦਲ ਨੂੰ ਹੈ। ਕਾਂਗਰਸ ਪਾਰਟੀ ਵੱਲੋਂ ਜਾਖੜ ਨੂੰ ਉਮੀਦਵਾਰ ਐਲਾਨਣ ’ਤੇ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਜਾਖੜ ਦੇ ਨਾਂ ਦੇ ਐਲਾਨ ਨਾਲ ਕਾਂਗਰਸ ਨੇ ਹਲਕੇ ਵਿੱਚ 1 ਲੱਖ ਵੋਟਾਂ ਦੀ ਬੜਤ ਬਣਾ ਲਈ।
ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ ਤੇ ਕਈ ਵਿਧਾਇਕਾਂ ਨੇ ਵੀ ਸੰਬੋਧਨ ਕੀਤਾ। ਲੋਕਾ ਸਭਾ ਹਲਕੇ ਵਿਚੋਂ ਭਾਰੀ ਲੋਕਾਂ ਦੇ ਇਕੱਠ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਅਹੁਦੇਕਾਰ ਅਤੇ ਹਮਾਇਤੀ ਵੱਡੇ ਪੱਧਰ ’ਤੇ ਰੈਲੀ ਵਿੱਚ ਮੌਜੂਦ ਸਨ।