ਪਠਾਨਕੋਟ/ਬਟਾਲਾ, 9 ਸਤੰਬਰ, 2017 : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਜਿੱਥੇ ਪਾਰਟੀ ਦੀ ਅੰਦਰੂਨੀ ਵਿਰੋਧਤਾ ਦਾ ਸਾਹਮਣਾ ਕਰਨਾ ਹੀ ਮੁਸ਼ਕਿਲ ਹੋਇਆ ਪਿਆ ਸੀ, ਉੱਥੇ ਹੀ ਹੁਣ ਇਸ ਹਲਕੇ ਤੋਂ ਲੋਕ ਸਭਾ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਅਤੇ ਬਟਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਦੇ ਪਰਿਵਾਰ ਨੇ ਕਾਂਗਰਸ ਵਿਰੁੱਧ ਝੰਡਾ ਚੁੱਕ ਕੇ ਸੁਨੀਲ ਜਾਖੜ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਦਿਲਚਸਪ ਗੱਲ ਤਾਂ ਇਹ ਹੈ ਕਿ ਸੇਖੜੀ ਪਰਿਵਾਰ ਨੇ ਨਾ ਸਿਰਫ਼ ਜਾਖੜ ਨੂੰ ਪੈਰਾਸ਼ੂਟ ਨਾਲ ਉਤਾਰਿਆ ਉਮੀਦਵਾਰ ਐਲਾਨਿਆ ਹੈ, ਉੱਥੇ ਹੀ ਉਨ੍ਹਾਂ ਐਲਾਨ ਵੀ ਕੀਤਾ ਹੈ ਕਿ ਪਾਰਟੀ ਦੇ ਇਸ ਫੈਸਲੇ ਤੋਂ ਖਫ਼ਾ ਸੈਂਕੜੇ ਕਾਂਗਰਸੀ ਪਰਿਵਾਰ ਜਾਖੜ ਦੀ ਸ਼ਰੇਆਮ ਮੁਖਾਲਫਤ ਕਰਨਗੇ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਸੇਖੜੀ ਦੇ ਭਰਾ ਇੰਦਰ ਸੇਖੜੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਕਾਂਗਰਸ ਲਈ ਬੀਤੇ ਲੰਬੇ ਸਮੇਂ ਤੋਂ ਬੜੀ ਸੰਜੀਦਗੀ ਨਾਲ ਕੰਮ ਕੀਤਾ ਪਰ ਹੁਣ ਜਦੋਂ ਟਿਕਟ ਦੀ ਦਾਅਵੇਦਾਰੀ ਦਾ ਮਾਮਲਾ ਆਇਆ ਤਾਂ ਪਾਰਟੀ ਨੇ ਹਲਕੇ ਨੂੰ ਸਪਰਪਿਤ ਇਸ ਪਰਿਵਾਰ ਨੂੰ ਅੱਖੋਂ ਪਰੋਖੇ ਕਰਕੇ ਇੱਕ ਅਜਿਹੇ ਵਿਅਕਤੀ ਨੂੰ ਟਿਕਟ ਨਾਲ ਨਿਵਾਜ਼ ਦਿੱਤਾ, ਜਿਸ 'ਤੇ ਉਸ ਦੇ ਆਪਣੇ ਹਲਕੇ ਦੇ ਲੋਕ ਵੀ ਵਿਸ਼ਵਾਸ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਸੇਖੜੀ ਪਰਿਵਾਰ ਤੋਂ ਇਲਾਵਾ ਆਪਣਾ ਪੰਜਾਬ ਪਾਰਟੀ ਨੇ ਵੀ ਖੁੱਲ੍ਹੇ ਸਮਰਥਨ ਦਾ ਐਲਾਨ ਕੀਤਾ ਹੈ। ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ ਦਾ ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਚੰਗਾ ਬੋਲਬਾਲਾ ਹੈ। ਜਿਸ ਤੋਂ ਸਲਾਰੀਆ ਦਾ ਪੱਖ ਕਾਫ਼ੀ ਮਜ਼ਬੂਤ ਹੋਇਆ ਦਿਖਾਈ ਦੇ ਰਿਹਾ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੂਬੇ ਵਿੱਚ ਸੱਤਾ 'ਤੇ ਕਾਬਿਜ਼ ਕਾਂਗਰਸ ਪਾਰਟੀ ਖਿਲਾਫ਼ ਬੜੇ ਛੋਟੇ ਜਿਹੇ ਸਮੇਂ ਤੋਂ ਬਾਅਦ ਹੀ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਆਪਣਾ ਪੰਜਾਬ ਪਾਰਟੀ ਅਤੇ ਸੇਖੜੀ ਪਰਿਵਾਰ ਦੇ ਫੈਸਲੇ ਤੋਂ ਪਹਿਲਾਂ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੀ ਚੋਣ ਲੜ ਚੁੱਕੇ ਜੋਗਿੰਦਰ ਸਿੰਘ ਛੀਨਾ ਨੇ ਵੀ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਹੀ ਫਤਿਹਗੜ੍ਹ ਚੂੜੀਆਂ ਤੋਂ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਕੁਲਵੰਤ ਸਿੰਘ ਸਮੇਤ ਉੱਥੋਂ ਦੇ ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਅਤੇ ਬਲਾਕ ਸੰਮਤੀ ਚੇਅਰਮੈਨ ਹਰਮੇਲ ਸਿੰਘ ਨੇ ਵੀ ਆਪੋ-ਆਪਣੀਆਂ ਪਾਰਟੀਆਂ ਛੱਡ ਕੇ ਅਕਾਲੀ-ਭਾਜਪਾ ਗਠਜੋੜ ਦੀ ਹਮਾਇਤ 'ਤੇ ਨਿੱਤਰਣ ਦਾ ਐਲਾਨ ਕਰ ਦਿੱਤਾ ਸੀ।
ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਮ ਤੌਰ 'ਤੇ ਹੁੰਦਾ ਇਹ ਹੈ ਕਿ ਸੱਤਾਧਾਰੀ ਧਿਰ ਦੇ ਕਾਰਜਕਾਲ ਦੇ ਅੰਤਲੇ ਪੜਾਅ ਵਿੱਚ ਲੋਕਾਂ ਅਤੇ ਖਾਸਕਰ ਰਾਜਸੀ ਲੋਕਾਂ ਦੇ ਮਨਾਂ ਵਿੱਚ ਸੱਤਾਧਾਰੀ ਧਿਰ ਦੀ ਵਿਰੋਧਤਾ ਪੈਦਾ ਹੁੰਦੀ ਹੈ, ਪਰ ਪੰਜਾਬ ਵਿੱਚ ਇਸ ਸਭ ਕੁੱਝ ਤੋਂ ਉਲਟ ਹੀ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਰਾਜਨੀਤਿਕ ਪਾਰਟੀ ਨੂੰ ਸੱਤਾ ਸੰਭਾਲਣ ਦੇ 6 ਮਹੀਨੇ ਬਾਅਦ ਹੀ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਢੇ ਅੱਜ ਦੇ ਰੋਡ ਸ਼ੋਅ ਵਿੱਚ ਵੀ ਕੋਈ ਭਰਵਾਂ ਇਕੱਠ ਸ਼ਾਮਿਲ ਨਾ ਹੋਣਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਾਂਗਰਸ ਸਰਕਾਰ ਨੇ ਲੋਕਾਂ ਦੇ ਮਨਾਂ ਵਿੱਚੋਂ ਆਪਣਾ ਵਜੂਦ ਗੁਆ ਲਿਆ ਹੈ।
ਵੋਟਾਂ ਪੈਣ ਵਿੱਚ ਬੇਸ਼ੱਕ ਹਾਲੇ ਦੋ ਦਿਨ ਬਾਕੀ ਹਨ, ਪਰ ਜਿਸ ਤਰੀਕੇ ਨਾਲ ਹਲਕੇ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੇ ਪੱਖ ਵਿੱਚ ਇੱਕ ਵੱਡੀ ਲਾਬੀ ਜੁੜਣੀ ਸ਼ੁਰੂ ਹੋਈ ਹੈ, ਇਸ ਨੇ ਵਿਰੋਧੀ ਧਿਰ ਦੀ ਇੱਕ ਵਾਰ ਨੀਂਦ ਖਰਾਬ ਕੀਤੀ ਹੋਈ ਹੈ। ਹਾਲਾਂਕਿ ਅਸਲ ਸਥਿਤੀ ਦਾ ਖੁਲਾਸਾ 15 ਅਕਤੂਬਰ ਨੂੰ ਹੋਵੇਗਾ, ਪਰ ਜਿਸ ਤੇਜੀ ਨਾਲ ਇੱਥੇ ਰਾਜਨੀਤਿਕ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ, ਉਸ ਤੋਂ ਜਾਪਦਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਗਠਜੋੜ ਇੱਥੇ ਆਪਣੀ ਜਿੱਤ ਦਾ ਇਤਿਹਾਸ ਸਿਰਜੇਗਾ।