← ਪਿਛੇ ਪਰਤੋ
ਚੰਡੀਗੜ, 17 ਅਗਸਤ 2020: ਸੰਵਿਧਾਨਕ ਜ਼ਰੂਰਤ ਪੂਰਾ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ 28 ਅਗਸਤ ਨੂੰ ਹੋਵੇਗਾ ਜੋ ਕਿ ਕੋਵਿਡ ਮਹਾਂਮਾਰੀ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਸੱਦਿਆ ਗਿਆ ਹੈ। ਇਸ ਸੈਸ਼ਨ ਨੂੰ ਬੁਲਾਉਣ ਲਈ ਪੰਜਾਬ ਵਜ਼ਾਰਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੋਮਵਾਰ ਨੂੰ ਵੀਡਿਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਪ੍ਰਵਾਨਗੀ ਦੇ ਦਿੱਤੀ। ਕੈਬਨਿਟ ਨੇ ਸੰਵਿਧਾਨਕ ਲੋੜ ਅਨੁਸਾਰ 28 ਅਗਸਤ ਨੂੰ ਇਕ ਦਿਨ ਲਈ ਸੈਸ਼ਨ ਬੁਲਾਇਆ ਜਿਸ ਦੀਆਂ ਦੋ ਬੈਠਕਾਂ ਹੋਣਗੀਆਂ ਕਿਉਂਕਿ ਸੰਵਿਧਾਨ ਅਨੁਸਾਰ ਪਿਛਲੇ ਸੈਸ਼ਨ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਅਗਲਾ ਸੈਸ਼ਨ ਬੁਲਾਉਣਾ ਜ਼ਰੂਰੀ ਹੁੰਦਾ ਹੈ। ਕੋਵਿਡ ਦੀ ਸਥਿਤੀ ਸੁਧਰਨ ਤੋਂ ਬਾਅਦ ਰੈਗੂਲਰ/ਲੰਬਾਂ ਸੈਸ਼ਨ ਸੱਦਿਆ ਜਾਵੇਗਾ। ਕੈਬਨਿਟ ਦੇ ਫੈਸਲੇ ਨਾਲ ਪੰਜਾਬ ਦੇ ਰਾਜਪਾਲ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 174 ਦੀ ਧਾਰਾ (1) ਅਨੁਸਾਰ 15ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ ਬੁਲਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਸ਼ੋਕ ਮਤਿਆਂ ਨਾਲ ਹੋਵੇਗੀ ਜਿਸ ਤੋਂ ਬਾਅਦ ਇਸ ਨੂੰ ਕੁਝ ਦੇਰ ਲਈ ਉਠਾ ਦਿੱਤਾ ਜਾਵੇਗਾ ਅਤੇ ਫੇਰ ਦੁਬਾਰਾ ਬੈਠਕ ਸੱਦੀ ਜਾਵੇਗੀ ਜਿਸ ਵਿੱਚ ਵਿਧਾਨਕ ਕੰਮਕਾਜ ਹੋਵੇਗਾ। ਇਹ ਗੱਲ ਯਾਦ ਰੱਖਣਯੋਗ ਹੈ ਕਿ 15ਵੀਂ ਪੰਜਾਬ ਵਿਧਾਨ ਸਭਾ ਦਾ 11ਵਾਂ ਸੈਸ਼ਨ 4 ਮਾਰਚ 2020 ਨੂੰ ਸਮਾਪਤ ਹੋਇਆ ਸੀ। ਭਾਰਤੀ ਸੰਵਿਧਾਨ ਦੇ ਆਰਟੀਕਲ 174 ਦੀ ਧਾਰਾ (1) ਅਨੁਸਾਰ ਇਸ ਸਮੇਂ ਦੌਰਾਨ ਰਾਜਪਾਲ ਸੂਬਾਈ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਅਧਿਕਾਰਤ ਹਨ ਜਿਵੇਂ ਉਨ•ਾਂ ਨੂੰ ਢੁੱਕਵਾਂ ਸਮਾਂ ਲੱਗੇ। ਪਿਛਲੇ ਸੈਸ਼ਨ ਦੀ ਆਖਰੀ ਬੈਠਕ ਅਤੇ ਅਗਲੇ ਸੈਸ਼ਨ ਦੀ ਪਹਿਲੀ ਬੈਠਕ ਵਿਚਾਲੇ ਛੇ ਮਹੀਨਿਆਂ ਤੋਂ ਬਾਅਦ ਦਾ ਸਮਾਂ ਨਹੀਂ ਹੋਣਾ ਚਾਹੀਦਾ। ਇਸ ਲਈ 15ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ 4 ਸਤੰਬਰ 2020 ਤੋਂ ਪਹਿਲਾਂ ਸੱਦਿਆ ਜਾਣਾ ਜ਼ਰੂਰੀ ਸੀ। ਪੰਜਾਬ ਸਰਕਾਰ ਦੇ ਰੂਲਜ਼ ਆਫ ਬਿਜਨਿਸ, 1992 ਅਨੁਸਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਮੰਤਰੀ ਮੰਡਲ ਦੀ ਪ੍ਰਵਾਨਗੀ ਲੋੜੀਂਦੀ ਹੈ।
Total Responses : 267