← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 14 ਅਗਸਤ 2020 - ਫਰੀਦਕੋਟ ਜ਼ਿਲੇ ਵਿਚ 15 ਅਗਸਤ ਨੂੰ ਨਸ਼ਾ ਮੁਕਤ ਭਾਰਤ ਅਭਿਆਨ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਇਸ ਅਭਿਆਨ ਦਾ ਉਦੇਸ਼ ਜਨਜਾਗਰੂਕਤਾ ਰਾਹੀਂ ਜਿੱਥੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਲਾਮਬੰਦ ਕਰਨਾ ਹੈ ਉਥੇ ਹੀ ਨਸ਼ੇ ਦੇ ਪੀੜਤਾਂ ਦਾ ਇਲਾਜ ਕਰਵਾ ਕੇ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਂਦਾ ਜਾਵੇਗਾ।ਇਸ ਮੌਕੇ ਐਸ.ਡੀ.ਐਮ. ਮਿਸ ਪੂਨਮ ਸਿੰਘ, ਮੈਡਮ ਕਿਰਤਪ੍ਰੀਤ ਕੌਰ ਡੀ.ਐਸ.ਐਸ.ਓ. ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 15 ਅਗਸਤ ਨੂੰ ਇਸ ਦੀ ਸ਼ੁਰੂਆਤ ਨਹਿਰੂ ਸਟੇਡੀਅਮ ਵਿਖੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ: ਅਜਾਇਬ ਸਿੰਘ ਭੱਟੀ ਕਰਨਗੇ ਜਿਸ ਰਾਹੀਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਬਿਨਾਂ ਸਾਰੇ ਦਫ਼ਤਰਾਂ, ਪੰਚਾਇਤਾਂ ਅਤੇ ਹੋਰ ਸਾਂਝੀਆਂ ਥਾਂਵਾਂ ਤੇ ਜਾਗਰੂਕਤਾ ਲਈ ਫਲੈਕਸ ਵੀ ਲਗਾਏ ਜਾਣਗੇ। ਇਸੇ ਤਰਾਂ ਆਡੀਓ ਵਿਡੀਓ ਤਕਨੀਕਾਂ ਦੀ ਵਰਤੋਂ ਵੀ ਜਨ ਜਾਗਰੁਕਤਾ ਲਈ ਕੀਤੀ ਜਾਵੇਗੀ। ਸਬ ਡਵੀਜਨ ਪੱਧਰ ਤੇ ਵੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਸਬ ਡਵੀਜਨ ਪੱਧਰ ਤੇ ਗੈਰ ਸਰਕਾਰੀ ਸੰਗਠਨਾਂ ਨਾਲ ਤਾਲਮੇਲ ਕਰਕੇ ਉਨਾਂ ਨੂੰ ਇਸ ਮੁਹਿੰਮ ਵਿਚ ਹਿੱਸੇਦਾਰ ਬਣਾਇਆ ਜਾਵੇਗਾ। ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਦੌਰਾਨ ਵੀ ਉਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸੇ ਤਰਾਂ ਨਸ਼ੇ ਦੇ ਪੀੜਤਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਂਦਾ ਜਾਵੇਗਾ ਅਤੇ ਜੋ ਲੋਕ ਨਸ਼ਾ ਛੱਡ ਚੁੱਕੇ ਹਨ ਉਨਾਂ ਨਾਲ ਰਾਬਤਾ ਰੱਖਿਆ ਜਾਵੇਗਾ ਕਿ ਕਿਤੇ ਉਹ ਦੁਬਾਰਾ ਗਲਤ ਸੰਗਤ ਵਿਚ ਨਾ ਪੈ ਜਾਣ।
Total Responses : 267