ਹਰਿੰਦਰ ਨਿੱਕਾ
- ਕੋਰੋਨਾ ਦੇ ਲੱਛਣ ਜਾਪਣ ’ਤੇ ਫੌਰੀ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ
- ਪੰਜ ਤੋਂ ਵੱਧ ਗਾਹਕਾਂ ਨੂੰ ਇਕੋ ਸਮੇਂ ਦੁਕਾਨਾਂ ਅੰਦਰ ਦਾਖਲ ਨਾ ਹੋਣ ਦੇਣ ਦੁਕਾਨਦਾਰ
ਬਰਨਾਲਾ, 30 ਜੁਲਾਈ 2020 - ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ 2 ਅਗਸਤ (ਐਤਵਾਰ) ਨੂੰ ਮਠਿਆਈ ਦੀਆਂ ਦੁਕਾਨੀਆਂ ਖੋਲ੍ਹੀਆਂ ਜਾ ਸਕਦੀਆਂ ਹਨ, ਪਰ ਜ਼ਿਲ੍ਹਾ ਵਾਸੀ ਕਰੋਨਾ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤਦੇ ਹੋਏ ਇਹ ਤਿਉਹਾਰ ਮਨਾਉਣ। ਇਸ ਮੌਕੇ ਮਾਸਕ ਪਾਉਣਾ, ਚੰਗੀ ਤਰ੍ਹਾਂ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ। ਜੇਕਰ ਬਾਹਰੋਂ ਕੋਈ ਮਠਿਆਈ ਜਾਂ ਹੋਰ ਸਾਮਾਨ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ ਕੁਝ ਘੰਟਿਆਂ ਲਈ ਵੱਖਰੇ ਤੌਰ ’ਤੇ ਰੱਖਿਆ ਜਾਵੇ ਤੇ ਸਾਮਾਨ ਬਾਹਰੋਂ ਸੈਨੇਟਾਈਜ਼ ਕੀਤਾ ਜਾਵੇ।
ਇਹ ਅਪੀਲ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਕੇਸ ਪਿਛਲੇ ਦਿਨੀਂ ਤੇਜ਼ੀ ਨਾਲ ਵਧੇ ਹਨ, ਇਸ ਲਈ ਮਾਸਕ ਪਾਉਣ, ਹੱਥ ਧੋਣ ਅਤੇ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਕਰੋਨਾ ਪਾਜ਼ੇਟਿਵ ਆਉਂਦੇ ਹਨ, ਉਹ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰ ਵਿਅਕਤੀਆਂ ਜਿਹੜੇ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ, ਨੂੰ ਉਦੋਂ ਤੱਕ ਆਪਣੇ ਘਰਾਂ ਵਿਚ ਹੀ ਰਹਿਣ ਲਈ ਕਹਿਣ, ਜਦੋਂ ਤੱਕ ਕਰੋਨਾ ਟੈਸਟ ਦੀ ਰਿਪੋਰਟ ਨਹੀਂ ਆਉਂਦੀ। ਇਸ ਤਰੀਕੇ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਕਰੋਨਾ ਨੂੰ ਮਾਤ ਦੇਣ ਵਾਲਿਆਂ ਨੂੰ ਆਪਣਾ ਪਲਾਜ਼ਮਾਂ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਦੇ ਲੱਛਣ ਜਾਪਦੇ ਹਨ, ਉਹ ਸਿੱੱਧਾ ਸਿਹਤ ਵਿਭਾਗ ਨਾਲ ਫੌਰੀ ਸੰਪਰਕ ਕਰੇ ਤਾਂ ਜੋ ਉਸ ਦਾ ਟੈਸਟ ਕੀਤਾ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਇਕੱਠ ਨਾ ਕੀਤਾ ਜਾਵੇ ਅਤੇ ਦੁਕਾਨਦਾਰ ਵੀ 5 ਤੋਂ ਵੱਧ ਗਾਹਕਾਂ ਨੂੰ ਦੁਕਾਨ ਅੰਦਰ ਦਾਖਲ ਨਾ ਹੋਣ ਦੇਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਮਨਜਿੰਦਰ ਸਿੰਘ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਪੁੱਛਿਆ, ਇਸ ’ਤੇ ਸ੍ਰੀ ਡੇਚਲਵਾਲ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਸਿਰਫ ਆਨਲਾਈਨ ਕਲਾਸਾਂ ਹੀ ਲਾਈਆਂ ਜਾ ਸਕਦੀਆਂ ਹਨ। ਦੀਪਕ ਬਾਂਸਲ ਨੇ ਸੁਝਾਅ ਦਿੱਤਾ ਹੈ ਕਿ ਮਾਰਕੀਟ ਦਾ ਸ਼ਾਮ ਦਾ ਸਮਾਂ ਇਕ ਘੰਟਾ ਹੋਰ ਵਧਾਇਆ ਜਾਵੇ। ਇਸ ’ਤੇ ਏਡੀਸੀ ਨੇ ਕਿਹਾ ਕਿ ਮਾਰਕੀਟ ਦਾ ਸਮਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਹੈ।
ਪਰਦੀਪ ਸਿੰਗਲਾ ਨੇ ਕਿਹਾ ਹੈ ਕਿ ਸਬਜ਼ੀ ਮੰਡੀ ਵਿਚ ਮਾਸਕ ਜ਼ਰੂਰੀ ਕੀਤਾ ਜਾਵੇ, ਜਿਸ ’ਤੇ ਸ੍ਰੀ ਡੇਚਲਵਾਲ ਨੇ ਦੱੱਸਿਆ ਕਿ ਪੰਜਾਬ ਵਿਚ ਮਾਸਕ ਹਰ ਥਾਂ ਜ਼ਰੂਰੀ ਕੀਤਾ ਹੋਇਆ ਹੈ। ਕੋਮਲ ਗੁਪਤਾ ਨੇ 72 ਘੰਟਿਆਂ ਦੇ ਅੰਦਰ ਅੰਦਰ ਬਾਹਰਲੇ ਰਾਜਾਂ ਤੋਂ ਆ ਕੇ ਮੁੜਨ ਬਾਰੇ ਪੁੱਛਿਆ ਹੈ, ਜਿਸ ’ਤੇ ਏਡੀਸੀ ਨੇ ਆਖਿਆ ਕਿ ਅਜਿਹੇ ਕੇਸ ਵਿਚ ਬਾਰਡਰ ’ਤੇ ਅੰਡਰਟੇਕਿੰਗ ਦੇਣੀ ਜ਼ਰੂਰੀ ਹੈ। ਇਸੇ ਤਰ੍ਹ੍ਹਾਂ ਵਿਸ਼ਵਦੀਪ ਜੈਨ ਅਤੇ ਨਰੇਸ਼ ਬਰਨਾਲਾ ਨੇ ਦੁਕਾਨਾਂ ਦੇ ਸਮੇਂ ਬਾਰੇ ਸੁਝਾਅ ਦਿੱਤਾ। ਇਸ ਮੌਕੇ ਨਰਿਦਰਦੀਪ ਭੱਠਲ, ਵਿਜੈ ਭਾਸਕਰ, ਦੀਪ ਸਿੱਧੂ, ਹੈਪੀ ਸਿੱਧੂ ਆਦਿ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਏਡੀਸੀ ਨੇ ਆਖਿਆ ਕਿ ਜੇਕਰ ਕੋਈ ਦੁਕਾਨਦਾਰ ਮਿੱਥੇ ਸਮੇਂ ਤੋਂ ਬਾਅਦ ਦੁਕਾਨ ਖੋਲ੍ਹਦਾ ਹੈ ਤਾਂ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ। ਐੈਡਵੋਕੇਟ ਚੇਤਨ ਸ਼ਰਮਾ ਨੇ ਬਾਜ਼ਾਰ ’ਚ ਭੀੜ ਘਟਾਉਣ ਦੇ ਮੱਦੇਨਜ਼ਰ ਔਡ-ਈਵਨ ਵਾਹਨ ਫਾਰਮੂਲਾ ਲਾਗੂ ਕਰਨ ਦਾ ਸੁਝਾਅ ਦਿੱਤਾ, ਜਿਸ ’ਤੇ ਏਡੀਸੀ ਨੇ ਕਿਹਾ ਕਿ ਜ਼ਰੂਰਤ ਪਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਜ਼ਰੂਰ ਗੌਰ ਕਰੇਗਾ।
ਇਸ ਮੌਕੇ ਉਨ੍ਹਾਂ ਦੱੱਸਿਆ ਕਿ ਬਰਨਾਲਾ ਵਿਚ ਦੁਬਾਰਾ ਲਾਕਡਾਊਨ ਲਾਉਣ ਬਾਰੇ ਅਜੇ ਕੋਈ ਨਿਰਦੇਸ਼ ਨਹੀਂ ਹਨ, ਇਸ ਲਈ ਅਫਵਾਹਾਂ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਅਨਲਾਕ ਬਾਰੇ ਵੀ ਜੇਕਰ ਕੋਈ ਨਵੇਂ ਨਿਰਦੇਸ਼ ਹੁੰਦੇ ਹਨ, ਉਨ੍ਹਾਂ ਤੋਂ ਬਕਾਇਦਾ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਜਾਵੇਗਾ।