ਅਸ਼ੋਕ ਵਰਮਾ
ਮਾਨਸਾ, 07 ਸਤੰਬਰ 2020: ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਤੇ ਐਸ.ਡੀ.ਐਮ.-ਕਮ-ਪ੍ਰਸ਼ਾਸਕ ਨਗਰ ਕੌਂਸਲ ਮਾਨਸਾ ਸ਼੍ਰੀਮਤੀ ਸ਼ਿਖਾ ਭਗਤ ਦੀ ਅਗਵਾਈ ਹੇਠ 3ਡੀ ਸੁਸਾਇਟੀ ਦੇ ਸੈਨੇਟਰੀ ਵਰਕਰਾਂ (ਵੇਸਟ ਕੁਲੈਕਟਰ) ਅਤੇ ਸੁਪਰਵਾਈਜਰਾਂ ਦਾ ਕੋਰੋਨਾ ਚੈਕਅਪ ਐਸ. ਡੀ. ਐਮ ਦਫਤਰ ਮਾਨਸਾ ਵਿਖੇ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰੀ 3ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੈਂਪਲਿੰਗ ਟੀਮ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੇ ਦਿਨ ਕੁੱਲ 33 ਵਰਕਰ ਅਤੇ 8 ਸੁਪਵਾਈਜਰ ਸ਼ਾਮਿਲ ਸਨ।ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹੀ ਵਰਕਰਾਂ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹਨ।
ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਵਿਖੇ 2 ਸਤੰਬਰ 20 ਨੂੰ 40 ਵਰਕਰਾਂ ਦਾ ਚੈਕਅੱਪ ਕਰਵਾਇਆ ਗਿਆ ਸੀ।ਜਿਸ ਵਿੱਚ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ।ਉਨ੍ਹਾਂ ਦੱਸਿਆ ਕਿ 3ਡੀ ਸੁਸਾਇਟੀ ਵਿੱਚ ਕੁੱਲ 85 ਮੈਬਰ (76 ਵਰਕਰ ਅਤੇ 9 ਸੁਪਰਵਾਈਜਰ) ਕੰਮ ਕਰਦੇ ਹਨ।
ਉਧਰ ਦੂਜੇ ਪਾਸੇ ਕੋਰੋਨਾ ਸਬੰਧੀ ਜ਼ਿਲ੍ਹੇ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਹੁਣ ਤੱਕ 25530 ਵਿਅਕਤੀਆਂ ਦੇ ਕੋਰੋਨਾਂ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 833 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ।ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਕੇਸਾਂ ਵਿੱਚੋਂ 487 ਵਿਅਕਤੀ ਸਿਹਤਯਾਬ ਹੋ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ ਅਤੇ ਹੁਣ ਜ਼ਿਲ੍ਹੇ ਅੰਦਰ 334 ਕੇਸ ਐਕਟਿਵ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਸਿਹਤ ਬਲਾਕ ਵਾਈਜ਼ ਗੱਲ ਕਰੀਏ ਤਾਂ ਬਲਾਕ ਮਾਨਸਾ ਵਿਖੇ 301, ਬਲਾਕ ਬੁਢਲਾਡਾ ਵਿਖੇ 263, ਬਲਾਕ ਖ਼ਿਆਲਾ ਕਲਾਂ ਵਿਖੇ 143 ਅਤੇ ਬਲਾਕ ਸਰਦੂਲਗੜ੍ਹ ਵਿਖੇ 126 ਪਾਜ਼ਿਟਿਵ ਕੇਸ ਪਾਏ ਗਏ ਹਨ।