ਅਸ਼ੋਕ ਵਰਮਾ
ਬਠਿੰਡਾ, 3 ਫਰਵਰੀ 2021 - ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 14 ਫਰਵਰੀ 2021 ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਇੱਥੇ ਪੁੱਜੇ ਚੋਣ ਆਬਜ਼ਰਵਰ ਸ਼੍ਰੀ ਵਿਪੁਲ ਉਜਵਲ ਵਲੋਂ ਵੱਖ-ਵੱਖ ਥਾਵਾਂ ’ਤੇ ਦਾਖਲ ਹੋਣ ਵਾਲੇ ਨਾਮਜ਼ਦਗੀਆਂ ਸੈਂਟਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਚੋਣ ਆਬਜ਼ਰਵਰ ਸ਼੍ਰੀ ਵਿਪੁਲ ਉਜਵਲ ਨੇ ਦਫ਼ਤਰ ਉਪ ਮੰਡਲ ਮੈਜਿਸਟੇ੍ਰਟ ਬਠਿੰਡਾ, ਦਫ਼ਤਰ ਏ.ਈ.ਟੀ.ਸੀ. ਅਤੇ ਤਹਿਸੀਲ ਦਫ਼ਤਰ, ਦਸ਼ਮੇਸ਼ ਸਕੂਲ ਬਠਿੰਡਾ ਅਤੇ ਨਥਾਣਾ ਵਿਖੇ ਬਣੇ ਨਾਮਜ਼ਦਗੀ ਭਰਨ ਵਾਲੇ ਸੈਂਟਰਾਂ ਦੇ ਦੌਰੇ ਦੌਰਾਨ ਚੋਣ ਅਮਲੇ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹੋਣ ਵਾਲੀਆਂ ਆਗਾਮੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ। ਚੋਣ ਡਿਊਟੀ ਵਿਚ ਕਿਸੇ ਵੀ ਤਰਾਂ ਦੀ ਕੋਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਚੋਣ ਪ੍ਰਕਿਰਿਆ ਦੌਰਾਨ ਜੋ ਵੀ ਵਿਅਕਤੀ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਤਰੁੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਇਸ ਮੌਕੇ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਚੋਣਾਂ ਨੂੰ ਨਿਰਵਿਘਨ ਨੇਪਰੇ ਚੜ੍ਹਾਉਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨਾਂ ਚੋਣ ਅਧਿਕਾਰੀਆਂ ਨੂੰ ਚੋਣਾਂ ਪ੍ਰਤੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾੳਣ ਦੇ ਵੀ ਆਦੇਸ਼ ਦਿੱਤੇ।