ਅਸ਼ੋਕ ਵਰਮਾ
ਬਠਿੰਡਾ, 13 ਫਰਵਰੀ 2021 : ਆਮ ਆਦਮੀ ਪਾਰਟੀ ਨੇ ਨਗਰ ਨਿਗਮ ਬਠਿੰਡਾ ਦੀਆਂ ਵੋਟਰ ਸੂਚੀਆਂ ਤੇ ਉਂਗਲ ਉਠਾਉਂਦਿਆਂ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਦੇ ਸੁਤੰਤਰ ਤੇ ਨਿਰਪੱਖ ਚੋਣ ਕਰਾਉਣ ਦੇ ਇਰਾਦੇ ’ਤੇ ਸ਼ੱਕ ਪ੍ਰਗਟ ਕੀਤਾ ਹੈ। ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਵੋਟਰ ਸੂਚੀ ਵਿੱਚ ਵੱਡੀਆਂ ਕਮੀਆਂ ਹਨ ਜਿਸ ਨਾਲ ਚੋਣਾਂ ਵਿੱਚ ਧਾਂਦਲੀ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਬਠਿੰਡਾ ਨਗਰ ਨਿਗਮ ਵਿੱਚ ਵੋਟਰ ਸੂਚੀ ’ਚ 750 ਤੋਂ ਜ਼ਿਆਦਾ ਅਜਿਹੇ ਨਾਮ ਸ਼ਾਮਲ ਹਨ ਜਿਹਨਾਂ ਚੋ ਕੁੱਝ ’ਚ ਫੋਟੋ ਨਹੀਂ, ਕੁਝ ਵਿੱਚ ਪਤਾ ਹੀ ਨਹੀਂ ,ਕੁਝ ਵਿੱਚ ਵੋਟਰ ਕਾਰਡ ਨੰਬਰ ਗਾਇਬ ਹੈ ਜਦੋਂਕਿ ਕੁਝ ਵਿੱਚ ਇਹਨਾਂ ਵਿੱਚੋਂ ਸਭ ਕੁਝ ਹੀ ਗਾਇਬ ਹੈ।
‘ਆਪ’ ਆਗੂ ਨੇ ਇਸ ਮਾਮਲੇ ਨੂੰ ਲੈਕੇ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਅਜਿਹੀ ਗੜਬੜ ਵਾਲੀ ਵੋਟਰ ਸੂਚੀ ਕਿਸੇ ਖਾਸ ਉਦੇਸ਼ ਨਾਲ ਕੀਤੀ ਗਈ ਹੈ ਜਾਂ ਇਹ ‘ਕਲੈਰੀਕਲ’ ਗਲਤੀ ਹੈ। ਉਹਨਾਂ ਆਖਿਆ ਕਿ ਕੀ ਸੱਤਾਧਾਰੀ ਕਾਂਗਰਸ ਰਾਜਨੀਤਿਕ ਲਾਭ ਲਈ ਸਥਾਨਕ ਚੋਣਾਂ ਦੀ ਵੋਟਰ ਸੂਚੀ ਵਿੱਚ ਜਾਅਲੀ ਵੋਟ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਉਹਨਾਂ ਕਿਹਾ ਕਿ ਆਖਿਰ ਇਸ ਤਰਾਂ ਦੀਆਂ ਗਲਤੀਆਂ ਪਿੱਛਅਸਲੀ ਮਕਸਦ ਕੀ ਹੈ। ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਵੋਟਰ ਸੂਚੀ ਵਿਚ ਹੋਈਆਂ ਗੜਬੜੀਆਂ ਨੂੰ ਠੀਕ ਕਰਨ ਕਿਉਂਕਿ ਨਿਰਪੱਖ ਚੋਣਾਂ ਕਰਾਉਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ।
ਉਹਨਾਂ ਕਿਹਾ ਕਿ ਏਦਾਂ ਦੀਆਂ ਗੜਬੜੀਆਂ ਕਾਰਨ ਚੋਣ ਕਮਿਸ਼ਨ ਦੀ ਸਾਖ ਨੂੰ ਖੋਰਾ ਲੱਗਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਥਾਨਕ ਚੋਣਾਂ ਦਾ ਐਲਾਨ ਹੋਣ ਬਾਅਦ ਕਈ ਵਾਰ ਰਾਜ ਚੋਣ ਕਮਿਸ਼ਨ ਨੂੰ ਮਿਲਕੇ ਚੋਣਾਂ ਵਿੱਚ ਧਾਂਦਲੀ ਦਾ ਸ਼ੱਕ ਪ੍ਰਗਟਾਇਆ, ਪ੍ਰੰਤੂ ਕਮਿਸ਼ਨ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਸਰਕਾਰ ਤੇ ਸਥਾਨਕ ਚੋਣਾਂ ’ਚ ਉਮੀਦਵਾਰਾਂ ਨੂੰ ਡਰਾ ਧਮਕਾ ਕੇ ਧਾਂਦਲੀ ਅਤੇ ਹੱਥਕੰਡਿਆਂ ਰਾਹੀਂ ਚੋਣਾਂ ਜਿੱਤਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ 14 ਫਰਵਰੀ ਨੂੰ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਦਾ ਕਰਾਰਾ ਜਵਾਬ ਦੇਵੇਗੀ। ਇਸ ਮੌਕੇ ਸੀਨੀਅਰ ਆਗੂ ਨੀਲ ਗਰਗ ਅਤੇ ਰਾਕੇਸ਼ ਪੁਰੀ ਵੀ ਮੌਜੂਦ ਸਨ।