ਕੁਲਵਿੰਦਰ ਸਿੰਘ
ਅੰਮ੍ਰਿਤਸਰ, 14 ਫਰਵਰੀ 2021 - ਅੱਜ ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਅੱਜ ਤੋਂ ਤਕਰੀਬਨ ਡੇਢ ਸਾਲ ਪਹਿਲਾਂ ਇੱਥੋਂ ਦੇ ਕੌਂਸਲਰ ਗੋਲਡੀ ਸ਼ੀਹ ਦੁਆਰਾ ਅਖੌਤੀ ਤੌਰ ਤੇ ਆਤਮ ਹੱਤਿਆ ਕਰ ਲਿੱਤੀ ਗਈ ਸੀ। ਉਸ ਤੋਂ ਬਾਅਦ ਇਹ ਇਸ ਵਾਰਡ ਵਿਚ ਚੋਣ ਹੋਣਾ ਬਾਕੀ ਸੀ ਅੱਜ ਜਿੱਥੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹਨ, ਉੱਥੇ ਅੰਮ੍ਰਿਤਸਰ ਦੀ ਵਾਰਡ ਨੰਬਰ 37 ਦੇ ਵਿੱਚ ਜ਼ਿਮਨੀ ਚੋਣ ਵੀ ਹੋ ਰਹੀ ਹੈ। ਜਿਸ ਦੇ ਵਿਚ ਅਕਾਲੀ ਦਲ ਤੋਂ ਇੰਦਰਜੀਤ ਸਿੰਘ ਪੰਡੋਰੀ ਕਾਂਗਰਸ ਤੋਂ ਗਗਨਦੀਪ ਸਿੰਘ ਸੈਂਜਰਾ ਆਮ ਆਦਮੀ ਪਾਰਟੀ ਤੋਂ ਜਸਪਾਲ ਸਿੰਘ ਭੁੱਲਰ ਅਤੇ ਭਾਜਪਾ ਤੋਂ ਮਨੋਹਰ ਸਿੰਘ ਮੈਦਾਨ ਵਿੱਚ ਹਨ।
ਅੱਜ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਭਾਜਪਾ ਦਾ ਸਾਰੇ ਪੰਜਾਬ ਵਿੱਚ ਵਿਰੋਧ ਹੋ ਰਿਹਾ ਹੈ ਉਥੇ ਹੀ ਅੱਜ ਵਾਰਡ ਨੰਬਰ 37 ਦੇ ਲੋਕਾਂ ਵੱਲੋਂ ਭਾਜਪਾ ਦੀ ਬੂਥ ਨੂੰ ਨਹੀਂ ਲੱਗਣ ਦਿੱਤਾ ਗਿਆ। ਭਾਜਪਾ ਦੇ ਕੈਂਡੀਡੇਟ ਮਨੋਹਰ ਸਿੰਘ ਨੇ ਕਿਹਾ ਉਨ੍ਹਾਂ ਦੇ ਸਮਰਥਕ ਬੂਥ ਤੋਂ ਬਗੈਰ ਵੀ ਉਨ੍ਹਾਂ ਨੂੰ ਵੋਟਾਂ ਜ਼ਰੂਰ ਪਾਉਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਸਪਾਲ ਸਿੰਘ ਭੁੱਲਰ ਅਤੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਇਕ ਸ਼ਾਂਤਮਈ ਮਾਹੌਲ ਬਣਾ ਕੇ ਇਹ ਚੋਣਾਂ ਕਰਵਾਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਡਰ ਵਾਲਾ ਮਾਹੌਲ ਕਾਂਗਰਸ ਅਤੇ ਅਕਾਲੀ ਦਲ ਦੇ ਸ਼ਰਾਰਤੀ ਤੱਤਾਂ ਵੱਲੋਂ ਬਣਾਇਆ ਗਿਆ ਸੀ ਉਸ ਨੂੰ ਠੱਲ੍ਹ ਪਾਉਂਦੇ ਹੋਏ ਅੰਮ੍ਰਿਤਸਰ ਕਮਿਸ਼ਨਰ ਨੇ ਚੋਣਾਂ ਬਹੁਤ ਹੀ ਵਧੀਆ ਮਾਹੌਲ ਵਿੱਚ ਕਰਵਾਈਆਂ ਹਨ ਅਤੇ ਲੋਕ ਵੋਟਾਂ ਪਾਉਣ ਲਈ ਘਰੋਂ ਬਾਹਰ ਨਿਕਲੇ ਹਨ। ਇੱਥੇ ਜ਼ਿਕਰਯੋਗ ਹੈ ਕਿ ਦੁਪਹਿਰ ਦੋ ਵਜੇ ਤਕ ਚੁੋਣ ਅਧਿਕਾਰੀ ਦੀ ਰਿਪੋਰਟ ਦੇ ਮੁਤਾਬਕ 55%ਲੋਕਾਂ ਵੱਲੋਂ ਵੋਟਾਂ ਭੁਗਤਾ ਦਿੱਤੀਆਂ ਗਈਆਂ ਸਨ।