ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 26 ਫਰਵਰੀ 2021 - ਮੁਕਤਸਰ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮੁਸ਼ਕਿਲ ਨਾਲ ਬਹੁਮਤ ਲਈ ਪੂਰੀਆਂ ਹੀ 17 ਸੀਟਾਂ ਮਿਲੀਆਂ ਹਨ। ਪਰ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਖਿੱਚੋਤਾਣ ਪੂਰੀ ਤਰਾਂ ਨਾਲ ਚੱਲ ਰਹੀ ਹੈ। ਜਿਸ ਨੂੰ ਲੈ ਕੇ ਹਰ ਇੱਕ ਦੀ ਨਜ਼ਰ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ’ਤੇ ਟਿਕੀ ਹੋਈ ਹੈ। ਜੇਕਰ ਗੱਲ ਕਰੀਏ ਜਨਰਲ ਵਰਗ ਦੀ ਤਾਂ ਕਈ ਦਾਅਵੇਦਾਰ ਖੁਦ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਵੇਖਣਾ ਚਾਹੁੰਦੇ ਹਨ। ਜਿੰਨਾਂ ਵਿਚੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ, ਿਸ਼ਨ ਕੁਮਾਰ ਸ਼ੰਮੀ ਤੇਰੀਆ, ਸਾਬਕਾ ਵਾਈਸ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਨਿਰਵਿਰੋਧ ਚੁਣੇ ਗਏ ਤੇਜਿੰਦਰ ਸਿੰਘ ਜਿੰਮੀ ਅਤੇ ਮਿੰਟੂ ਕੰਗ ਹਨ। ਜੇਕਰ ਮਹਿਲਾ ਵਿਚੋਂ ਗੱਲ ਕਰੀਏ ਤਾਂ ਅਨਮੋਲ ਗਰੇਵਾਲ ਦਾ ਨਾਮ ਸਭ ਤੋਂ ਉਪਰ ਆਉਂਦਾ ਹੈ। ਜਦਕਿ ਗੁਰਬਿੰਦਰ ਕੌਰ ਪਤੰਗਾ ਵੀ ਇਸ ਲਾਈਨ ਵਿਚ ਲੱਗੇ ਹੋਏ ਹਨ।
ਅਹੁਦੇਦਾਰਾਂ ਦੀ ਆਪਸੀ ਖਿੱਚੋਤਾਣ ਕਰਕੇ ਹੁਣ ਹਾਈਕਮਾਂਡ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਜਿੰਮਾ ਆਪਣੇ ਹੱਥ ਵਿਚ ਲੈ ਲਿਆ ਹੈ। ਹੁਣ ਸ਼ਹਿਰ ਵਿਚ ਇਹ ਆਮ ਚਰਚਾ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਫੈਸਲਾ ਹਾਈਕਮਾਂਡ ਹੀ ਕਰੇਗੀ। ਹੁਣ ਨਗਰ ਕੌਂਸਲ ਮੁਕਤਸਰ ਦਾ ਪ੍ਰਧਾਨ ਲਿਫ਼ਾਫੇ ਵਿਚੋਂ ਵੀ ਨਿਕਲ ਸਕਦਾ ਹੈ। ਕਿਉਂਕਿ ਪਾਰਟੀ ਜਿਸ ਦੇ ਸਿਰ ’ਤੇ ਹੱਥ ਰੱਖੇਗੀ, ਉਸਦਾ ਨਾਮ ਉਪਰੋਂ ਹੀ ਪੱਕਾ ਹੋ ਕੇ ਆਵੇਗਾ ਅਤੇ ਉਹੀ ਪ੍ਰਧਾਨ ਬਣੇਗਾ।
ਜਦਕਿ ਕੁਝ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਮੈਂਬਰ ਵੋਟਿੰਗ ਨਾ ਕਰਨਗੇ ਤਾਂ ਪ੍ਰਧਾਨ ਨਹੀਂ ਬਣੇਗਾ। ਪਰ ਪਾਰਟੀ ਦੇ ਫੈਸਲੇ ਨੂੰ ਦਰਕਿਨਾਰ ਕਰਕੇ ਪਾਰਟੀ ਨਾਲ ਵਿਦਰੋਹ ਕੌਣ ਕਰੇਗਾ। ਦੂਜੇ ਪਾਸੇ ਅਕਾਲੀ ਦਲ ਕੋਲ 10 ਸੀਟਾਂ ਹਨ, ਜੋ ਕਿ ਪ੍ਰਧਾਨਗੀ ਦੇ ਮਾਮਲੇ ਨੂੰ ਖਟਾਈ ਵਿਚ ਪਾਉਣ ਲਈ ਕਿਸੇ ਤਰਾਂ ਨਾਲ ਵੀ ਐਮਸੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਜੇਕਰ ਨਗਰ ਕੌਂਸਲ ਦੀ ਪ੍ਰਧਾਨਗੀ ਮਹਿਲਾ ਲਈ ਰਿਜਰਵ ਹੁੰਦੀ ਹੈ ਤਾਂ ਅਨਮੋਲ ਗਰੇਵਾਲ ਦਾ ਪ੍ਰਧਾਨ ਬਣਨਾ ਤਹਿ ਹੈ। ਫਿਲਹਾਲ ਤਾਂ ਇਹ ਬਜ਼ਾਰ ਗਰਮ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਲਿਫ਼ਾਫੇ ਵਿਚੋਂ ਹੀ ਨਿਕਲੇਗਾ।