ਅਸ਼ੋਕ ਵਰਮਾ
ਮਾਨਸਾ, 13 ਫਰਵਰੀ2021 : ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ 14 ਫਰਵਰੀ ਨੂੰ ਜ਼ਿਲ੍ਹਾ ਮਾਨਸਾ ਦੀਆਂ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਵਿਖੇ ਹੋਣ ਵਾਲੀਆਂ ਆਮ ਚੋਣਾਂ ਪੂਰੇ ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਅਤੇ ਸਮੂਹ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਅਤੇ ਵੋਟਰਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਢੁਕਵੇਂ ਇੰਤਜਾਮ ਕੀਤੇ ਹਨ।
ਉਹਨਾਂ ਦੱਸਿਆ ਕਿ ਇਹਨਾਂ ਚੋਣਾਂ ਦੌਰਾਨ 1 ਲੱਖ 25 ਹਜ਼ਾਰ 66 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਹਨਾਂਦੱਸਿਆ ਕਿ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ ਲਈ ਵੱਖ-ਵੱਖ ਪਾਰਟੀਆਂ ਨਾਲ ਸਬੰਧਤ 117 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ ਬੁਢਲਾਡਾ ਨਗਰ ਕੌਂਸਲ ਦੇ 19 ਵਾਰਡਾਂ ਲਈ 78 ਉਮੀਦਵਾਰ, ਨਗਰ ਕੌਂਸਲ ਬਰੇਟਾ ਦੇ 13 ਵਾਰਡਾਂ ਲਈ 43 ਉਮੀਦਵਾਰ, ਨਗਰ ਪੰਚਾਇਤ ਜੋਗਾ ਦੇ 13 ਵਾਰਡਾਂ ਲਈ 28 ਉਮੀਦਵਾਰ ਅਤੇ ਨਗਰ ਪੰਚਾਇਤ ਬੋਹਾ ਦੇ 13 ਵਾਰਡਾਂ ਲਈ 39 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਉਹਨਾਂ ਦੱਸਿਆ ਕਿ ਵੋਟਾਂ ਅਤੇ ਗਿਣਤੀ ਲਈ ਰਿਜ਼ਰਵ ਸਟਾਫ਼ ਸਮੇਤ ਕਰੀਬ 1000 ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮਾਨਸਾ ਵਿਖੇ 60, ਬੁਢਲਾਡਾ ਵਿਖੇ 33 ਜਦਕਿ ਬੋਹਾ, ਜੋਗਾ ਤੇ ਬਰੇਟਾ ਵਿਖੇ 13-13 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਨਾਂ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਹੇਠ 17 ਫਰਵਰੀ ਨੂੰ ਹੋਵੇਗੀ।
ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੇ ਚੋਣ ਅਮਲ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣ ਨੂੰ ਸਹਿਯੋਗ ਦੇਣ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣਾਂ ਵਿੱਚ ਵਿਘਨ ਪਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।