ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2021 - ਬਠਿੰਡਾ ਦੇ ਰਾਮਪੁਰਾ ਹਲਕੇ ’ਚ ਵੱਖ ਵੱਖ ਥਾਵਾਂ ਤੇ ਨਾਮਜਦਗੀ ਕਾਗਜ਼ ਰੱਦ ਕਰਨ ਦੇ ਮਾਮਲੇ ’ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ ਹੈ। ਇਸ ਹਲਕੇ ’ਚ ਪੈਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਮਲੂਕਾ ਦੀ ਨਗਰ ਪੰਚਾਇਤ ਦੇ 7 ਅਕਾਲੀ ਉਮੀਦਵਾਰਾਂ ਦੇ ਨਾਮਜਦਗੀ ਪਰਚੇ ਰੱਦ ਕੀਤੇ ਗਏ ਹਨ ਜਦੋਂਕਿ ਮਹਿਰਾਜ ਨਗਰ ਪੰਚਾਇਤ ਦੇ 5, ਭਗਤਾ ਭਾਈ ਦੇ 3, ਕੋਠਾ ਗੁਰੂ ਨਗਰ ਪੰਚਾਇਤ ਦੇ 5 ਅਤੇ ਭਾਈਰੂਪਾ ਨਗਰ ਪੰਚਾਇਤ ਦੇ 4ਅਕਾਲੀ ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਹਨਾਂ ਨੇ ਹਾਈਕੋਰਟ ’ਚ ਇਨਸਾਫ ਲਈ ਪਟੀਸ਼ਨ ਦਾਇਰ ਕੀਤੀ ਸੀ। ਅਕਾਲੀ ਆਗੂਆਂ ਦੇ ਵਕੀਲ ਐਡਵੋਕੇਟ ਅਨਮੋਲ ਰਤਨ ਸਿੰਘ ਨੇ ਦੱਸਿਆ ਸੀ ਕਿ ਅਦਾਲਤ ਨੇ ਇਹਨਾਂ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਲਈ ਆਦੇਸ਼ ਜਾਰੀ ਕਰਦਿਆਂ ਅਰਜੀ ਵਾਪਿਸ ਲੈਣ ਲਈ ਆਖਿਆ ਸੀ। ਉਹਨਾਂ ਦੱਸਿਆ ਕਿ ਹੁਣ ਇਹ ਆਗੂ ਚੋਣ ਕਮਿਸ਼ਨ ਕੋਲ ਆਪਣਾ ਪੱਖ ਰੱਖ ਸਕਦੇ ਹਨ।
ਗੌਰਤਲਬ ਹੈ ਕਿ ਅਕਾਲੀ ਉਮੀਦਵਾਰਾਂ ਨੇ ਇਸ ਮਾਮਲੇ ’ਚ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਕਮ ਜਿਲਾ ਚੋਣ ਅਫਸਰ ਅਤੇ ਐਸ ਡੀ ਐਮ ਫੂਲ ਕਮ ਰਿਟਰਨਿੰਗ ਅਫਸਰ ਨੂੰ ਪਾਰਟੀ ਬਣਾਇਆ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਕੇ ਰੱਦ ਕੀਤੇ ਕਾਗਜਾਂ ਦੀ ਦੁਬਾਰਾ ਪੜਤਾਲ ਕਰਵਾ ਕੇ ਉਮੀਦਵਾਰਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਸੀ ਪਰ ਜਦੋਂ ਸੁਣਵਾਈ ਨਾਂ ਹੋਈ ਤਾਂ ਹਾਈਕੋਰਟ ਦਾ ਰੁੱਖ ਕੀਤਾ ਸੀ। ਉਹਨਾਂ ਦਾਅਵਾ ਕੀਤਾ ਸੀ ਕਿ ਇਹਨਾਂ ਉਮੀਦਵਾਰਾਂ ਦੀਆਂ ਨਾਮਜਦਗੀਆਂ ਹਾਸੋਹੀਣੇ ਤੇ ਬੇਤੁਕੇ ਇਤਰਾਜ ਲਗਾ ਕੇ ਰੱਦ ਕੀਤੀਆਂ ਗਈਆਂ ਹਨ। ਉਹਨਾਂ ਇੱਕ ਮੰਤਰੀ ਵੱਲੋਂ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰਦਿਆਂ ਨਾਮਜਦਗੀ ਪਰਚੇੇ ਰੱਦ ਕਰਵਾਉਣ ਦੀ ਗੱਲ ਵੀ ਆਖੀ ਸੀ। ਅੱਜ ਇਸ ਮਾਮਲੇ ਸਬੰਧੀ ਸਾਬਕਾ ਮੰਤਰੀ ਮਲੂਕਾ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਫੋਨ ਨਹੀਂ ਚੁੱਕਿਆ।
ਚੋਣ ਕਮਿਸ਼ਨ ਕੋਲ ਵੀ ਕੀਤੀ ਹੋਈ ਸ਼ਕਾਇਤ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚੋਣ ਕਮਿਸ਼ਨ ਪੰਜਾਬ ਕੋਲ ਹਲਕਾ ਰਾਮਪੁਰਾ ਫੂਲ ਵਿਚ ਨਗਰ ਪੰਚਾਇਤ ਮਲੂਕਾ, ਕੋਠਾ ਗੁਰੂ, ਭਾਈਰੂਪਾ, ਭਗਤਾ ਭਾਈ ਅਤੇ ਮਹਿਰਾਜ ਤੋਂ ਅਕਾਲੀ ਦਲ ਅਤੇ ਆਜਾਦ ਉਮੀਦਵਾਰਾਂ ਦੇ ਨਾਮਜਦਗੀ ਕਾਗਜ ਗੈਰ ਕਾਨੂੰਨੀ ਢੰਗ ਨਾਲ ਰੱਦ ਕਰਨ ਕਰਨ ਨੂੰ ਲੈਕੇ ਸ਼ਕਾਇਤ ਕੀਤੀ ਹੋਈ ਹੈ। ਆਪਣੀ ਸ਼ਕਾਇਤ ’ਚ ਉਹਨਾਂ ਹਲਕਾ ਰਾਮਪੁਰਾ ’ਚ ਤਾਇਨਾਤ ਅਧਿਕਾਰੀਆਂ ਦੀ ਭੂਮਿਕਾ ਤੇ ਉਂਗਲ ਉਠਾਈ ਹੈ। ਹੁਣ ਜਦੋਂ ਇਹਨਾਂ ਚੋਣਾਂ ਲਈ ਪੋਿਗ ਵਾਸਤੇ ਸੀਮਤ ਸਮਾਂ ਬਚਿਆ ਹੈ ਤਾਂ ਅਕਾਲੀ ਦਲ ਕੋਲ ਸਿਰਫ 12 ਫਰਵਰੀ ਤੱਕ ਦਾ ਵਕਤ ਹੀ ਬਚਿਆ ਹੈ।