- ਕਿਹਾ ਪੁਲਸ ਨੇ ਅਕਾਲੀਆਂ ’ਤੇ ਦਰਜ਼ ਕੀਤੇ ਝੂਠੇ ਪਰਚੇ
ਸ੍ਰੀ ਮੁਕਤਸਰ ਸਾਹਿਬ 16 ਫਰਵਰੀ 2021 - ਵਾਰਡ ਨੰਬਰ 4 ਦੇ ਕਾਂਗਰਸੀ ਉਮੀਦਵਾਰ ਨਾਲ ਰਾਤ ਨੂੰ 9 ਵਜੇ ਲੜਾਈ ਦਿਖਾ ਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਮੇਤ ਕਈ ਹੋਰਨਾਂ ਅਕਾਲੀਆਂ ’ਤੇ ਪੁਲਸ ਵੱਲੋਂ ਦਰਜ਼ ਕੀਤੇ ਪਰਚੇ ਨੇ ਨਵਾਂ ਮੋੜ ਲੈ ਲਿਆ ਹੈ। ਜੋ ਸਮਾਂ ਐਫ਼ਆਈਆਰ ਵਿਚ ਦਿਖਾਇਆ ਗਿਆ ਹੈ। ਉਸ ਸਮੇਂ ਸਾਬਕਾ ਨਗਰ ਕੌਂਸਲ ਪ੍ਰਧਾਨ ਆਪਣੇ ਘਰ ਵਿਚ ਮੌਜੂਦ ਸੀ ਅਤੇ ਉਹ ਸੀਸੀਟੀਵੀ ਵਿਚ ਕੈਦ ਹੈ। ਦੂਜੇ ਪਾਸੇ ਅਕਾਲੀ ਦਲ ਐਸੀਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਐਮਸੀ ਪਰਮਿੰਦਰ ਪਾਸ਼ਾ ਨੇ ਇਸ ਵਿਰੁੱਧ ਝੰਡਾ ਚੁੱਕਦਿਆਂ ਐਸਐਸਪੀ ਦਫ਼ਤਰ ਸਾਹਮਣੇ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕਰ ਦਿੱਤਾ।
ਉਸਨੇ ਕਿਹਾ ਕਿ ਪੁਲਸ ਨੇ ਕਾਂਗਰਸ ਦੀ ਸ਼ਹਿ ’ਤੇ ਪਰਚੇ ਦਰਜ਼ ਕੀਤੇ ਹਨ ਤਾਂ ਕਿ ਅਕਾਲੀ ਦਲ ਦੇ ਮੁੱਖ ਅਹੁਦੇਦਾਰ ’ਤੇ ਪਰਚੇ ਹੋਣ ਤੋਂ ਬਾਅਦ ਦੂਜੇ ਵਰਕਰਾਂ ਦਾ ਮਨੋਬਲ ਡਿੱਗ ਪਵੇਗਾ ਅਤੇ ਉਹ ਅਸਾਨੀ ਨਾਲ ਇਹ ਚੋਣਾਂ ਜਿੱਤ ਲੈਣਗੇ। ਇਸ ਦੇ ਨਾਲ ਹੀ ਹਰਪਾਲ ਸਿੰਘ ਬੇਦੀ ਦੀ ਘਰ ਦੀਆਂ ਔਰਤਾਂ ਅਤੇ ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਔਰਤਾਂ ਨੂੰ ਵੀ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਨਾਂ ਦੇ ਘਰ ਆ ਕੇ ਧਮਕਾ ਰਹੀ ਹੈ। ਉਧਰ ਪਰਮਿੰਦਰ ਪਾਸ਼ਾ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਇਹ ਪਰਚਾ ਰੱਦ ਨਾ ਕੀਤਾ ਤਾਂ ਉਹ ਐਸਐਸਪੀ ਦਫ਼ਤਰ ਸਾਹਮਣ ਭੁੱਖ ਹੜਤਾਲ ’ਤੇ ਬੈਠਣਗੇ ਅਤੇ ਉਦੋਂ ਤੱਕ ਬੈਠੇ ਰਹਿਣਗੇ ਜਦ ਤੱਕ ਪਰਚਾ ਰੱਦ ਨਹੀਂ ਹੁੰਦਾ।
ਪਰਮਿੰਦਰ ਪਾਸ਼ਾ ਨੇ ਦੱਸਿਆ ਕਿ ਪੁਲਸ ਨੇ ਰਾਤ ਨੂੰ 9 ਵਜੇ ਦਾ ਸਮਾਂ ਦਿਖਾਇਆ ਹੈ ਜਦਕਿ ਇਸ ਸਮੇਂ ਹਰਪਾਲ ਸਿੰਘ ਬੇਦੀ ਆਪਣੇ ਘਰ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੈ। ਦੂਜੇ ਪਾਸੇ ਥਾਣਾ ਸਦਰ ਦੇ ਇੰਚਾਰਜ ਪ੍ਰੇਮ ਨਾਥ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਅਜੇ ਤੱਕ ਤਾਂ ਜਾਂਚ ਹੀ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਸਹੀ ਤੱਥ ਪਤਾ ਲੱਗਣਗੇ।