ਅਸ਼ੋਕ ਵਰਮਾ
ਬਠਿੰਡਾ,13ਫਰਵਰੀ2021: ਅਕਾਲੀ ਦਲ ਨੇ ਪੰਜਾਬ ’ਚ ਕਰਵਾਈਆਂ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪੋਿਗ ਵਾਲੇ ਦਿਨ 14 ਫਰਵਰੀ ਨੂੰ ਬੂਥਾਂ ਤੇ ਕਬਜੇ ਕਰਨ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਕਥਿਤ ਧੱਕੇਸ਼ਾਹੀਆਂ ਦਾ ਅੰਦੇਸ਼ਾ ਜਤਾਇਆ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ , ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਨਿਰਪੱਖ ਚੋਣਾਂ ਦੇ ਮਾਮਲੇ ’ਚ ਫਿਕਰ ਜਾਹਰ ਕੀਤੇ। ਮਲੂਕਾ ਨੇ ਦੋਸ਼ ਲਾਏ ਕਿ ਅਕਾਲੀ ਦਲ ਨਾਲ ਸਬੰਧਤ ਉਮੀਦਵਾਰਾਂ ਦੇ ਨਾਮਜਦਗੀ ਕਾਗਜ ਰੱਦ ਕਰਨ ਤੋਂ ਬਾਅਦ ਹੁਣ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਮਲੂਕਾ ਤੋਂ ਦਲਿਤ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਨੂੰ ਤਾਂ ਪੋਲਿੰਗ ਬੂਥ ਨਾ ਲਾਉਣ ਲਈ ਧਮਕਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕਥਿਤ ਤੌਰ ਤੇ ਜਾਅਲੀ ਵੋਟਾਂ ਪਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਦਿਨ ਪਹਿਲਾ ਤੱਕ ਵੱਡੀ ਗਿਣਤੀ ਵੋਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਪੋਲਿੰਗ ਬੂਥ ਤਬਦੀਲ ਕੀਤੇ ਜਾ ਰਹੇ ਹਨ। ਮਲੂਕਾ ਨੇ ਦਾਅਵਾ ਕੀਤਾ ਕਿ ਜੇਕਰ ਕੇਂਦਰੀ ਸੁਰੱਖਿਆ ਬਲਾਂ ਅਤੇ ਮੀਡੀਆ ਦੀ ਨਿਗਰਾਨੀ ’ਚ ਵੋਟਾਂ ਪੁਆਈਆਂ ਜਾਣ ਤਾਂ ਕਾਂਗਰਸ ਇੱਕ ਵੀ ਸੀਟ ਨਹੀ ਜਿੱਤ ਸਕਦੀ। ਮਲੂਕਾ ਨੇ ਕਿਹਾ ਕਿ ਸੂਬੇ ਦਾ ਚੋਣ ਕਮਿਸ਼ਨ ਵੀ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ ।
ਉਹਨਾਂ ਕਿਹਾ ਕਿ ਕਾਗਜ ਰੱਦ ਹੋਣ ਤੋਂ ਇਲਾਵਾ ਵੱਖ ਵੱਖ ਮਾਮਲਿਆਂ ਕੀਤੀਆਂ ਸ਼ਕਾਇਤਾਂ ਤੇ ਕਮਿਸ਼ਨ ਨੇ ਕੋਈ ਨੋਟਿਸ ਨਹੀ ਲਿਆ ਹੈ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਨਗਰ ਨਿਗਮ ’ਚ ਅਕਾਲੀ ਉਮੀਦਵਾਰਾਂ ਨੂੰ ਸਿਆਸੀ ਇਸ਼ਾਰੇ ਤੇ ਧਮਕਾਉਣ ਦਾ ਦੋਸ਼ ਲਾਇਆ ਖਾਸ ਤੌਰ ਤੇ ਹਿਸ ਮਾਮਲੇ ’ਚ ਪੁਲਿਸ ਦੇ ਇੱਕ ਇੰਸਪੈਕਟਰ ਦੀ ਭੂਮਿਕਾ ਨੂੰ ਕਟਹਿਰੇ ’ਚ ਖੜਾਇਆ। ਉਹਨਾਂ ਵੀ ਸ਼ਹਿਰੀ ਹਲਕੇ ’ਚ ਬੂਥ ਲੁੱਟਣ ਦਾ ਖਦਸ਼ਾ ਜਤਾਇਆ। ਦੋਵਾਂ ਆਗੂਆਂ ਨੇ ਕਿਹਾ ਕਿ ਜੇਕਰ ਚੋਣਾਂ ਲੁੱਟਦੀਆਂ ਹੀ ਹਨ ਤਾਂ ਕਰੋੜਾਂ ਰੁਪਏ ਫੂਕਣ ਦੀ ਲੋੜ ਨਹੀਂ ਬਲਕਿ ਸਰਕਾਰ ਨੂੰ ਆਪਣੇ ਬੰਦੇ ਹੀ ਨਾਮਜਦ ਹੀ ਕਰ ਲੈਣੇ ਚਾਹੀਦੇ ਹਨ। ਇਸ ਮੌਕੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਹਰਮਨ ਢਪਾਲੀ ਆਦਿ ਹਾਜਰ ਸਨ।