ਮੁਕਤਸਰ ਨਗਰ ਕੌਂਸਲ ਪ੍ਰਧਾਨਗੀ ਨੂੰ ਲੈ ਕੇ ਛਿੜਣ ਲੱਗੇ ਚਰਚੇ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ 2021-17 ਫ਼ਰਵਰੀ ਨੂੰ ਸਥਾਨਕ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਕਮੇਟੀ ਦੀ ਪ੍ਰਧਾਨਗੀ ਦਾ ਤਾਜ਼ ਕਾਂਗਰਸ ਦੇ ਹਿੱਸੇ ਆ ਗਿਆ ਹੈ ਤੇ ਹੁਣ ਪ੍ਰਧਾਨਗੀ ਨੂੰ ਲੈ ਕੇ ਸ਼ਹਿਰ ਵਾਸੀਆਂ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲਣ ਲੱਗੀਆਂ ਹਨ। ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਪਿਛਲੇ ਚਾਰ ਸਾਲਾਂ ਤੋਂ ਸਥਾਨਕ ਸਰਕਾਰ ਦੀ ਵਿਰੋਧੀ ਪਾਰਟੀ ਦੇ ਨੁਮਾਇੰਦੇ ਦੇ ਹੱਥ ਹੀ ਰਹੀ ਹੈ, ਜਦੋਂਕਿ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਕਾਂਗਰਸ ਲੈਣ ਜਾ ਰਹੀ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਚਾਰ ਸਾਲਾਂ ਤੋਂ ਨਗਰ ਕੌਂਸਲ ਦੀ ਪ੍ਰਧਾਨਗੀ ਸਥਾਨਕ ਸਰਕਾਰ ਦੀ ਵਿਰੋਧੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਹਿੱਸੇ ਰਹੀ ਹੈ, ਜਿਸਨੂੰ ਸ਼ਹਿਰ ਦੇ ਅਧੂਰੇ ਵਿਕਾਸ ਨਾਲ ਵੀ ਜੋੜਿਆ ਜਾ ਰਿਹਾ ਹੈ। ਦੂਜੇ ਪਾਸੇ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਵੀ ਜੋੜਕੇ ਵੇਖਿਆ ਜਾ ਰਿਹਾ ਹੈ। ਵੇਖਣ ’ਚ ਆਇਆ ਹੈ ਕਿ ਹਰ ਵਾਰ ਸੂਬਾ ਸਰਕਾਰ ਦੀ ਵਿਰੋਧੀ ਪਾਰਟੀ ਦੇ ਨੁਮਾਇੰਦੇ ਦੇ ਹਿੱਸੇ ਨਗਰ ਕੌਂਸਲ ਦੀ ਪ੍ਰਧਾਨਗੀ ਆਉਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਜਾਂ ਤਾਂ ਨੇਪਰੇ ਨਹੀਂ ਚੜ੍ਹੇ ਜਾਂ ਫ਼ਿਰ ਅੱਧ ਵਿਚਕਾਰੇ ਹੀ ਲਟਕੇ ਹਨ, ਪਰ ਇਸ ਵਾਰ ਕਾਂਗਰਸ ਪਾਰਟੀ ਦੇ ਹੱਥ ਪ੍ਰਧਾਨਗੀ ਦਾ ਤਾਜ਼ ਸ਼ਹਿਰ ਵਾਸੀਆਂ ਲਈ ਇੱਕ ਨਵੀਂ ਉਮੀਦ ਦੀ ਕਿਰਨ ਲੈ ਕੇ ਆਇਆ ਹੈ। ਫ਼ਿਲਹਾਲ ਸ਼ਹਿਰ ਵਾਸੀਆਂ ਕਾਂਗਰਸ ਕਮੇਟੀ ਤੋਂ ਪੜ੍ਹੇ ਲਿਖੇ ਤੇ ਸੂਝਵਾਨ ਵਿਅਕਤੀ ਦੇ ਸਿਰ ਪ੍ਰਧਾਨਗੀ ਦਾ ਤਾਜ਼ ਦੇਣ ਦੀਆਂ ਫਰਿਆਦਾਂ ਕਰਨ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀ ਵਿਰੋਧੀ ਪਾਰਟੀ ਦੇ ਹੱਥ ਕਮੇਟੀ ਦੀ ਵਾਗਡੋਰ ਆਉਣ ਨਾਲ ਗ੍ਰਾਂਟਾਂ ਨਹੀਂ ਆਉਂਦੀਆਂ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ। ਇਹ ਚੱਕਰਵਿਊ ਪਿਛਲੇ ਚਾਰ ਸਾਲਾਂ ਤੋਂ ਚੱਲ ਰਿਹਾ ਹੈ, ਪਰ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਕਾਂਗਰਸ ਦੇ ਪੱਖ ’ਚ ਆਉਣ ਨਾਲ ਲੋਕਾਂ ’ਚ ਕੁੱਝ ਰਾਹਤ ਵੀ ਬਣੀ ਦਿਖਾਈ ਦੇ ਰਹੀ ਹੈ।
ਇੰਨ੍ਹਾਂ ਆਗੂਆਂ ਦੇ ਸਿਰ ਸਜ ਸਕਦੈ ਪ੍ਰਧਾਨਗੀ ਦਾ ਤਾਜ਼
ਕਾਂਗਰਸ ਪਾਰਟੀ ਦੇ ਆਗੂਆਂ ’ਚ ਇਸ ਸਮੇਂ ਪ੍ਰਧਾਨਗੀ ਦੇ ਤਾਜ਼ ਨੂੰ ਲੈ ਕੇ ਉਤਸ਼ਾਹ ਸਿਖਰਾਂ ’ਤੇ ਪਾਇਆ ਜਾ ਰਿਹਾ ਹੈ। ਪਾਰਟੀ ਦੇ ਕਈ ਦਿੱਗਜ਼ ਆਗੂਆਂ ਦਾ ਨਾਅ ਇਸ ਸਮੇਂ ਮੋਹਰੀ ਕਤਾਰ ’ਚ ਦਿਖਾਈ ਦੇਣ ਲੱਗਾ ਹੈ। ਮਹਿਲਾ ਆਗੂ ਅਨਮੋਲ ਬਰਾੜ, ਯਾਦਵਿੰਦਰ ਸਿੰਘ ਜਾਦੂ, ਤੇਜਿੰਦਰ ਸਿੰਘ ਜਿੰਮੀ ਫੱਤਣਵਾਲਾ ਤੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਕੋਕੀ ਦਾ ਨਾਂਅ ਇਸ ਸਮੇਂ ਚਰਚਾ ’ਚ ਹੈ। ਯਾਦਵਿੰਦਰ ਸਿੰਘ ਜਾਦੂ ਜੋ ਕਿ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦੇ ਨਿੱਜੀ ਮੰਨੇ ਜਾਂਦੇ ਹਨ, ਨੂੰ ਵੀ ਪ੍ਰਧਾਨਗੀ ਦੇ ਯੋਗ ਸਮਝਿਆ ਜਾ ਰਿਹਾ ਹੈ, ਜਦੋਂਕਿ ਤੇਜਿੰਦਰ ਸਿੰਘ ਜਿੰਮੀ ਫੱਤਣਵਾਲਾ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਹੋਣ ਕਰਕੇ ਵੀ ਮੋਹਰੀ ਗਿਣੇ ਜਾ ਰਹੇ ਹਨ। ਜਿੰਮੀ ਫੱਤਣਵਾਲਾ ਰੇਲਵੇ ਓਵਰਬਿ੍ਰਜ਼ ਤੇ ਹੋਰ ਵਿਕਾਸ ਕਾਰਜਾਂ ਲਈ ਸ਼ਹਿਰ ਲਈ ਗ੍ਰਾਂਟਾ ਲਿਆ ਚੁੱਕੇ ਹਨ, ਜਦੋਂਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਕੋਕੀ ਵੀ ਲੋਕਾਂ ਦੀ ਉਮੀਦਾਂ ’ਚੋਂ ਇੱਕ ਹਨ, ਜਿੰਨ੍ਹਾਂ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾ ਲਿਆਂਦੀਆਂ ਸਨ। ਇਸੇ ਤਰ੍ਹਾਂ ਮਹਿਲਾ ਆਗੂ ਅਨਮੋਲ ਚਹਿਲ, ਜੋ ਕਿ ਯੁਵਾ ਮਹਿਲਾ ਆਗੂ ਹੋਣ ਦੇ ਨਾਲ-ਨਾਲ ਉਚ ਵਿਦਿਆ ਹਾਸਿਲ ਔਰਤ ਵੀ ਹੈ, ਜਿਸ ਨੇ ਬੀਏ, ਐਲਐਲਬੀ ਦੀ ਯੋਗਤਾ ਹਾਸਿਲ ਕੀਤੀ ਹੈ ਤੇ ਇਹ ਆਗੂ ਸਾਲ 2011 ਤੋਂ 2016 ਤੱਕ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਅਸਿਸਟੈਂਟ ਐਡੀਸ਼ਨਲ ਜਨਰਲ ਤੇ 2016 ਤੋਂ 2017 ਤੱਕ ਡਿਪਟੀ ਐਡੀਸ਼ਨਲ ਜਨਰਲ ਵੀ ਰਹਿ ਚੁੱਕੀ ਹੈ। ਵੇਖਿਆ ਜਾਵੇ ਤਾਂ ਉਕਤ ਸਾਰੇ ਹੀ ਆਗੂ ਤਜ਼ਰਬੇਕਾਰ ਤੇ ਪੜ੍ਹੇ ਲਿਖੇ ਹਨ, ਜਿੰਨ੍ਹਾਂ ਦਾ ਪਾਰਟੀ ਹਾਈਕਮਾਂਡ ਵੱਲੋਂ ਵੀ ਮੋਹਰੀ ਕਤਾਰਾਂ ’ਚ ਨਾਂਅ ਸ਼ਾਮਲ ਕੀਤਾ ਗਿਆ ਹੈ। ਉਕਤ ਆਗੂਆਂ ਦਾ ਅਕਸ ਸ਼ਹਿਰ ਅੰਦਰ ਸਾਫ਼ ਮੰਨਿਆ ਜਾਂਦਾ ਹੈ। ਫ਼ਿਲਹਾਲ ਇੰਨ੍ਹਾਂ ਆਗੂਆਂ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।