- ਅਕਾਲੀ ਵਿਧਾਇਕ ਦਾ ਨਿੱਜੀ ਸਹਾਇਕ ਵੀ ਸ਼ਾਮਲ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ 2021 - ਚੋਣਾਂ ਤੋਂ ਪਹਿਲਾਂ ਹੀ ਕਾਂਗਰਸੀ ਉਮੀਦਵਾਰ ’ਤੇ ਹਮਲਾ ਕਰਨ ਦੇ ਦੋਸ਼ ਹੇਠ ਥਾਣਾ ਸਦਰ ਪੁਲਸ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ, ਅਕਾਲੀ ਵਿਧਾਇਕ ਦੇ ਨਿੱਜੀ ਸਹਾਇਕ ਸਮੇਤ ਸੱਤ ਲੋਕਾਂ ’ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ਼ ਕੀਤਾ ਹੈ। ਜਦਕਿ ਦੋਸ਼ੀਆਂ ਦੀ ਗਿ੍ਰਫਤਾਰੀ ਬਾਕੀ ਹੈ ਅਤੇ ਜ਼ਖਮੀ ਵਿਅਕਤੀ ਹਸਪਤਾਲ ਵਿਚ ਇਲਾਜ ਅਧੀਨ ਹਨ।
ਜ਼ਿਕਰਯੋਗ ਹੈ ਕਿ 13 ਫਰਵਰੀ ਦੀ ਰਾਤ ਨੂੰ ਹੀ ਨਗਰ ਕੌਂਸਲ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਹੀ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਉਪਰ ਕਥਿਤ ਤੌਰ ’ਤੇ ਅਕਾਲੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਜਿਸ ਕਾਰਨ ਕਾਂਗਰਸ ਦੇ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਤੇ ਉਸਦੇ ਸਾਥੀ ਜ਼ਖਮੀ ਹੋ ਗਏ ਸਨ।
ਇਸ ਸਬੰਧੀ ਵਿਚ ਹੀ ਥਾਣਾ ਸਦਰ ਪੁਲਸ ਨੇ ਸੁਧੀਰ ਰਾਏ ਦੇ ਬਿਆਨਾ ਉਪਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਉਸਦੇ ਬੇਟੇ ਅਭੀਜੀਤ ਸਿੰਘ ਬੇਦੀ, ਵਾਰਡ ਨੰਬਰ ਚਾਰ ਤੋਂ ਅਕਾਲੀ ਉਮੀਦਵਾਰ ਹਰਮਨਜੀਤ ਸਿੰਘ ਅਤੇ ਉਸਦੇ ਪੁੱਤਰ, ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਨਿੱਜੀ ਸਹਾਇਕ ਬਲਵਿੰਦਰ ਸਿੰਘ ਬਿੰਦਰ ਗੋਨਿਆਣਾ, ਚਰਨਜੀਤ ਸਿੰਘ ਸਰਪੰਚ ਸੱਕਾਂਵਾਲੀ ਅਤੇ ਨਿੰਮਾ ਰੁਪਾਣਾ ਖਿਲਾਫ਼ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮਾਮਲਾ ਦਰਜ਼ ਕਰ ਲਿਆ ਹੈ।
ਦੂਜੇ ਪਾਸੇ ਥਾਣਾ ਸਿਟੀ ਪੁਲਸ ਨੇ ਪੈਸੇ ਵੰਡਣ ਤੋਂ ਰੋਕਣ ਕਰਕੇ ਕਾਂਗਰਸੀ ਵਰਕਰਾਂ ਦੀ ਕੁੱਟਮਾਰ ਕਰਨ ਵਾਲੇ ਅਕਾਲੀ ਉਮੀਦਵਾਰ ਅਤੇ ਉੁਸਦੇ ਬੇਟੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਿੰਨ੍ਹਾਂ ਨੂੰ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ। ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਸਮਰਥਕ ਮਨਪ੍ਰੀਤ ਸਿੰਘ ਮਨੀ ਦੇ ਬਿਆਨਾਂ ’ਤੇ ਅਕਾਲੀ ਉਮੀਦਵਾਰ ਟੇਕ ਚੰਦ ਬੱਤਰਾ ਅਤੇ ਉਸਦੇ ਬੇਟੇ ਸਾਜਨ ਬੱਤਰਾ ਸਮੇਤ ਕਰੀਬ 10 ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ਼ ਕੀਤਾ ਹੈ। ਜਿਸ ਵਿਚ ਮਨੀ ਨੇਕਿਹਾ ਹੈ ਕਿ ਜਦੋਂ ਉਨ੍ਹਾਂ ਨੇ ਪੈਸੇ ਵੰਡਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਜਿਸ ਵਿਚ ਮਨੀ ਜ਼ਖਮੀ ਹੋ ਗਿਆ ਜੋਕਿ ਹਸਪਤਾਲ ਵਿਚ ਦਾਖਲ ਹੈ।