ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2021 - ਪੰਜਾਬ ’ਚ ਚੱਲ ਰਹੇ ਨਗਰ ਕੌਂਸਲਾਂ,ਨਗਰ ਪੰਚਾਇਤਾਂ ਅਤੇ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਨੂੰ ਬਰੇਕਾਂ ਲੱਗਦਿਆਂ ਸਾਰ ਵੋਟਰਾਂ ਦੀ ਟਹਿਲ ਸੇਵਾ ਲਈ ਗੁਪਤ ਪਰਚੀਆਂ ਚੱਲਣ ਦੇ ਚਰਚੇ ਹਨ। ਕੋਈ ਕੁੱਝ ਵੀ ਕਹੇ ਸਿਆਸੀ ਲੋਕਾਂ ਨੇ ਵੋਟਾਂ ਖਾਤਰ ਇਸ ਤਰਾਂ ਦਾ ਤੋੜ ਲੱਭ ਲਿਆ ਹੈ। ਹਾਲਾਂਕਿ ਇਸ ਮੁੱਦੇ ਤੇ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਏ ਪਰ ਸਮਾਜਿਕ ਧਿਰਾਂ ਇਸ ਵਰਤਾਰੇ ਨੂੰ ਮੰਦਭਾਗਾ ਅਤੇ ਲੋਕਾਂ ਨੂੰ ਖੁਦ ਹੀ ਅੱਗੇ ਆਉਣ ਦਾ ਸੱਦਾ ਦੇ ਰਹੀਆਂ ਹਨ। ਵੇਰਵਿਆਂ ਮੁਤਾਬਕ ਕੁੱਝ ਰਾਜਸੀ ਪ੍ਰਭਾਵ ਵਾਲੇ ਵਿਅਕਤੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਜਾਂ ਹੋਰ ਸਮਾਨ ਵੋਟਰਾਂ ਨੂੰ ਵੰਡਣ ਵਾਸਤੇ ਗੁਪਤ ਪਰਚੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਬਾਬੂਸ਼ਾਹੀ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹਨਾਂ ਲੋਕਾਂ ਨੇ ਵੋਟਰਾਂ ਜਾਂ ਸਪੋਰਟਰਾਂ ਤੱਕ ਸ਼ਰਾਬ ਪੁੱਜਦੀ ਕਰਨ ਵਾਸਤੇ ‘ ਸਲਿੱਪਾਂ’ ਤਿਆਰ ਕੀਤੀਆਂ ਹੋਈਆਂ ਹਨ।
ਜਦੋਂ ਇਹ ਸਲਿੱਪ ਸਬੰਧਤ ਠੇਕੇ ਤੇ ਪਹੰੁਚਦੀ ਹੈ ਤਾਂ ਇਸ ਉੱਪਰ ਕੀਤੇ ਦਸਤਖਤਾਂ ਅਤੇ ਵਿਸ਼ੇਸ਼ ਨਿਸ਼ਾਨ ਨੂੰ ਦੇਖਣ ਮਗਰੋਂ ਸ਼ਰਾਬ ਦੇ ਦਿੱਤੀ ਜਾਂਦੀ ਹੈ। ਸੂਤਰਾਂ ਮੁਤਾਬਕ ਸ਼ਰਾਬ ਦੇ ਚੋਣਵੇਂ ਠੇਕੇਦਾਰਾਂ ਨਾਲ ਸੈਟਿੰਗ ਕੀਤੀ ਹੋਈ ਹੈ ਤਾਂ ਜੋ ਸਲਿੱਪ ਨਿਰਵਿਘਨ ਚਲਦੀ ਰਹੇ । ਸ਼ਰਾਬ ਕਾਰੋਬਾਰ ਨਾਲ ਜੁੜੇ ਇੱਕ ਕਾਰਕੁੰਨ ਨੇ ‘ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਸ ਤੋਂ ਪਹਿਲਾਂ ਚੋਣਾਂ ਮੌਕੇ ਚੋਣ ਪ੍ਰਚਾਰ ਕਰਨ ਵਾਲਿਆਂ ਤੇ ਵੋਟਰਾਂ ਨੂੰ ਆਮ ਕਿਸਮ ਦੀ ਸ਼ਰਾਬ ਸਪਲਾਈ ਸਧਾਰਨ ਵਰਤਾਰਾ ਸੀ ਜਦੋਂਕਿ ਚੋਣਾਂ ਵਾਲਾ ਮੇਲਾ ਲੁੱਟਣ ਵਾਸਤੇ ਹੁਣ ਤਾਂ ਸ਼ਰਾਬ ਦੇ ਮਹਿੰਗੇ ਬਰਾਂਡ ਵੀ ਪੇਸ਼ ਕੀਤੇ ਜਾਣ ਲੱਗੇ ਹਨ। ਕਈ ਥਾਵਾਂ ਤੇ ਤਾਂ ਪਰਚੀਆਂ ਉਪਰ ਗੁਪਤ ਕੋਡ ਦੇ ਨਾਮ ਵੀ ਬੜੇ ਦਿਲਚਸਪ ਰੱਖੇ ਗਏ ਹਨ ਜਿਹਨਾਂ ਤੋਂ ਸ਼ੱਕ ਪੈਣ ਦੀ ਰੱਤੀ ਭਰ ਵੀ ਸੰਭਾਵਨਾ ਨਹੀਂ ਹੈ ਅਤੇ ਸਬੰਧਤ ਬੰਦਾ ਵੀ ਪੰਜ ਮਿੰਟ ’ਚ ਭੁਗਤ ਜਾਂਦਾ ਹੈ।
ਵੇਰਵਿਆਂ ਅਨੁਸਾਰ ‘ਟਾਟਾ ਟੀ’ ਵਾਲੀ ਪਰਚੀ ਦੇ ਅਧਾਰ ਤੇ ਦੇਸੀ ਸ਼ਰਾਬ ਦਿੱਤੀ ਜਾ ਰਹੀ ਹੈ ਜਦੋਂਕਿ , ‘ਕੌਫੀ ਵਾਲੀ ਪਰਚੀ’ ਤੇ ‘ਰਾਇਲ ਸਟੈਗ’ ਜਾਂ ‘ਬਲੈਂਡਰ ਪ੍ਰਾਈਡ’ ਅਤੇ ‘ਮਿਲਕ’ ਵਾਲੇ ਕੋਡ ਤੇ ‘ ਸਕੌਚ ਵਿਸਕੀ’ ਦਿੱਤੀ ਜਾ ਰਹੀ ਹੈ । ਏਦਾਂ ਹੀ ‘ਕਿੰਨੂੰ’ ਸੰਗਤਰਾ ਸ਼ਰਾਬ ਦੇ ਡੱਬੇ ਦਾ ਕੋਡ ਰੱਖਿਆ ਗਿਆ ਹੈ ਜਦੋਂ ਕਿ ਕੇਲਿਆਂ ਦੀ ਗਿਣਤੀ ਦੇ ਅਧਾਰ ਤੇ ਸ਼ਰਾਬ ਦੇ ਦੂਸਰੇ ਬਰਾਂਡ ਦਿੱਤੇ ਜਾਣੇ ਨਿਸਚਤ ਕੀਤੇ ਗਏ ਹਨ। ਸੂਤਰਾਂ ਮੁਤਾਬਕ ਸ਼ਰਾਬ ਦੇ ਇੱਕ ਕਾਫੀ ਮਹਿੰਗੇ ਬਰਾਂਡ ਨੂੰ ‘ ਰਾਸ਼ਨ ’ ਦਾ ਨਾਮ ਦਿੱਤਾ ਗਿਆ ਹੈ । ਸ਼ਰਾਬ ਦੀ ਮਧਰੀ ਬੋਤਲ ਲਈ ‘ਬੁਢਾਪਾ ਪੈਨਸ਼ਨ’ ਵਾਲੀ ਪਰਚੀ ਦਿੱਤੀ ਜਾ ਰਹੀ ਹੈ । ਸੂਤਰ ਦੱਸਦੇ ਹਨ ਕਿ ਮਹਿੰਗੇ ਬਰਾਂਡ ਸਬੰਧਿਤ ਬੰਦੇ ਦੀ ਵੋਟ ਸਮਰੱਥਾ ਨੂੰ ਦੇਖ ਕੇ ਦਿੱਤੇ ਜਾਂਦੇ ਹਨ ਅਤੇ ਸਧਾਰਨ ਕਿਸਮ ਦੀ ਸ਼ਰਾਬ ਆਮ ਵੋਟਰਾਂ ਨੂੰ ਪਰੋਸੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਇੱਕ ਉਮੀਦਵਾਰ ਨੇ ਤਾਂ ਨਸ਼ੇੜੀ ਵੋਟਰਾਂ ਨੂੰ ਪੋਸਤ ਦੀ ਵੀ ਹੋਮ ਡਲਿਵਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਐਕਤਕੀਂ ਘਰ ਦੀ ਸ਼ਰਾਬ ਦੀ ਕਿਤੇ ਵੀ ਮੰਗ ਨਹੀਂ ਹੈ। ਅਤੇ ਠੇਕੇਦਾਰਾਂ ਵੱਲੋਂ ਸ਼ਰਾਬ ਦੀ ਕੁਆਲਿਟੀ ਦੀ ਪੂਰੀ ਗਰੰਟੀ ਦਿੱਤੀ ਜਾ ਰਹੀ ਹੈ। ਵੱਡੀ ਗੱਲ ਹੈ ਕਿ ਸ਼ਰਾਬ ਵਰਤਾਉਣ ਦੇ ਮਾਮਲੇ ’ਚ ਸ਼ਕਾਇਤਾਂ ਕਰਨ ਨੂੰ ਲੈਕੇ ਸਭ ਧਿਰਾਂ ਵਿਚਕਾਰ ਮੂਕ ਸਹਿਮਤੀ ਹੈ। ਸਿਆਸੀ ਲੋਕ ਕੁੱਝ ਵੀ ਕਹਿਣ ਪਰਚੀ ਸਿਸਟਮ ਨੇ ਨਸ਼ਾ ਵਿਰੋਧੀ ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਦੂਜੇ ਪਾਸੇ ਕਈ ਉਮੀਦਵਾਰ ਵੋਟਰਾਂ ਨੂੰ ਖੁਸ਼ ਕਰਨ ਲਈ ਮੂੰਹ ਮਿੱਠਾ ਵੀ ਕਰਵਾ ਰਹੇ ਹਨ ਜਦੋਂਕਿ ਵੋਟਰਾਂ ਤੇ ਹਮਾਇਤੀਆਂ ਲਈ ਲੰਗਰ ਤਾਂ ਪਹਿਲੇ ਦਿਨੋਂ ਹੀ ਵਰਤਾਇਆ ਜਾ ਰਿਹਾ ਹੈ।
ਲੇਡੀ ਸੂਟਾਂ ਤੇ ਕੋਕਿਆਂ ਦੀ ਚੁੰਝ ਚਰਚਾ
ਮਾਲਵੇ ’ਚ ਸਖਤ ਮੁਕਾਬਲਿਆਂ ਵਾਲੀਆਂ ਥਾਵਾਂ ਤੇ ਔਰਤ ਵੋਟਰਾਂ ਨੂੰ ਸੂਟ ਅਤੇ ਕੋਕੇ ਵੰਡਣ ਦੀ ਵੀ ਚਰਚਾ ਹੈ। ਸੂਤਰਾਂ ਮੁਤਾਬਕ ਏਦਾਂ ਦੇ ਵੋਟਰਾਂ ਦੀਆਂ ਬਕਾਇਦਾ ਸੂਚੀਆਂ ਬਣਾਈਆਂ ਗਈਆਂ ਹਨ ਜਿਹਨਾਂ ਚੋਂ ਭਰੋਸੇ ਦੇ ਅਧਾਰ ਤੇ ਸਮਾਨ ਦਿੱਤਾ ਜਾ ਰਿਹਾ ਹੈ। ਇੱਕ ਥਾਂ ਤੇ ਵਾਸ਼ਿੰਗ ਮਸ਼ੀਨ ,ਮਿਕਸਰ ਗਰਾਂਈਂਡਰ ਅਤੇ ਹੋਰ ਜਰੂਰਤ ਦਾ ਸਮਾਨ ਵੰਡਣ ਦੀਆਂ ਰਿਪੋਰਟਾਂ ਵੀ ਹਨ। ਸੂਤਰ ਆਖਦੇ ਹਨ ਕਿ ਪੋਿਗ ਤੋਂ ਪਹਿਲਾਂ ਸਮਾਨ ਆਦਿ ਵੰਡਿਆ ਜਾ ਸਕਦਾ ਹੈ।
ਪਰਚੀਆਂ ਨੇ ਕਟਹਿਰੇ ‘ਚ ਖੜਾਏ ਸਿਆਸੀ ਲੋਕ
ਜੁਆਇੰਟ ਐਕਸ਼ਨ ਕਮੇਟੀ ਬਠਿੰਡਾ ਦੇ ਆਗੂ ਐਡਵੋਕੇਟ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਸਮੂਹ ਸਿਆਸੀ ਧਿਰਾਂ ਨਸ਼ੇ ਤੇ ਪੈਸੇ ਬਦਲੇ ਵੋਟਾਂ ਨਾ ਲੈਣ ਦਾ ਨਾਅਰਾ ਦਿੰਦੀਆਂ ਹਨ ਪਰ ‘ਪਰਚੀ ਕਲਚਰ’ ਇਹਨਾਂ ਨਾਅਰਿਆਂ ਨੂੰ ਕਟਹਿਰੇ ’ਚ ਖੜਾ ਕਰ ਰਹੀਆਂ ਹਨ। ਉਹਨਾਂ ਆਖਿਆ ਕਿ ਏਦਾਂ ਦੀ ਲਾਅਨਤ ਨੂੰ ਗਲੋਂ ਲਾਹੁਣ ਲਈ ਲੋਕ ਖੁਦ ਹੀ ਅੱਗੇ ਆਉਣ ਨਹੀਂ ਤਾਂ ਅਜਿਹੇ ਲੀਡਰ ਇਸ ਤਰਾਂ ਵੋਟਾਂ ਪ੍ਰਾਪਤ ਕਰਕੇ ਲੋਕਾਂ ਦਾ ਸ਼ੋਸ਼ਣ ਤੇ ਲੋਕਤੰਤਰ ਦਾ ਕਤਲ ਕਰਦੇ ਰਹਿਣਗੇ। ਉਹਨਾਂ ਸਮਾਜ ਸੇਵੀ ਧਿਰਾਂ ਅਤੇ ਵਿਸ਼ੇਸ਼ ਤੌਰ ਤੇ ਔਰਤਾਂ ਨੂੰ ਨਸ਼ੇ ਵੰਡਣ ਖਿਲਾਫ ਉੱਠਣ ਦਾ ਸੱਦਾ ਦਿੱਤਾ।