ਮਨਿੰਦਰਜੀਤ ਸਿੱਧੂ
- ਕੈਪਟਨ ਸੰਧੂ ਨਾਲ ਜੈਤੋ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ- ਸੁਰਜੀਤ ਬਾਬਾ
ਜੈਤੋ, 23 ਫਰਵਰੀ, 2021 - ਵਾਰਡ ਨੰਬਰ 6 ਤੋਂ ਸੁਰਜੀਤ ਸਿੰਘ ਬਾਬਾ ਖੁਦ ਅਤੇ ਵਾਰਡ ਨੰਬਰ 5 ਤੋਂ ਉਹਨਾਂ ਦੀ ਪਤਨੀ ਜਸਪਾਲ ਕੌਰ ਦੀ ਜਿੱਤ ਤੋਂ ਬਾਅਦ ਸੁਰਜੀਤ ਸਿੰਘ ਬਾਬਾ ਆਪਣੀ ਖੁਸ਼ੀ ਸਾਂਝੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਫਿਸਰ ਆਨ ਸਪੈਸ਼ਲ ਡਿਊਟੀ (ਓ.ਐੱਸ.ਡੀ) ਕੈਪਟਨ ਸੰਦੀਪ ਸੰਧੂ ਨੂੰ ਮਿਲੇ ਅਤੇ ਆਪਣੀ ਖੁਸ਼ੀ ਸਾਂਝੀ ਕੀਤੀ। ਕੈਪਟਨ ਸੰਦੀਪ ਸੰਧੂ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਬਾਬਾ ਦੇ ਕਰੀਬੀ ਅਤੇ ਕਾਂਗਰਸ ਪਾਰਟੀ ਦੇ ਐੱਸ.ਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਲਵਲੀ ਭੱਟੀ ਨੇ ਕਿਹਾ ਕਿ ਸੁਰਜੀਤ ਸਿੰਘ ਬਾਬਾ ਦੀ ਜਿੱਤ ਤੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਾਫੀ ਖੁਸ਼ ਹੈ।
ਉਹਨਾਂ ਦੱਸਿਆ ਕਿ ਬਾਬਾ ਦੀ ਇਸ ਜਿੱਤ ਨਾਲ ਉਹਨਾਂ ਦਾ ਪਾਰਟੀ ਵਿੱਚ ਕੱਦ ਕਾਫੀ ਉੱਚਾ ਹੋ ਗਿਆ ਹੈ।ਆਉਣ ਵਾਲੇ ਸਮੇਂ ਵਿੱਚ ਪਾਰਟੀ ਸੁਰਜੀਤ ਬਾਬਾ ਨੂੰ ਵੱਡੀ ਜਿੰਮੇਵਾਰੀ ਦੇ ਸਕਦੀ ਹੈ।ਕੈਪਟਨ ਸੰਦੀਪ ਸਿੰਘ ਸੰਧੂ ਨੇ ਸੁਰਜੀਤ ਸਿੰਘ ਬਾਬਾ ਅਤੇ ਉਹਨਾਂ ਦੀ ਧਰਮ ਪਤਨੀ ਜਸਪਾਲ ਕੌਰ ਨੂੰ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਦੋਵੇਂ ਸੀਟਾਂ ਪਾਉਣ ਲਈ ਮੁਬਾਰਕਬਾਦ ਦਿੱਤੀ। ਸੁਰਜੀਤ ਸਿੰਘ ਬਾਬਾ ਨੇ ਦੱਸਿਆ ਕਿ ਉਹਨਾਂ ਦੀ ਕੈਪਟਨ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਬੇਹੱਦ ਪ੍ਰਭਾਵਸ਼ਾਲੀ ਰਹੀ ਅਤੇ ਉਹਨਾਂ ਨੇ ਇਸ ਮੀਟਿੰਗ ਵਿੱਚ ਕਿਸੇ ਵੀ ਨਿੱਜੀ ਨੁਕਤੇ ਨੂੰ ਵਿਚਾਰਨ ਦੀ ਜਗ੍ਹਾ ਜੈਤੋ ਇਲਾਕੇ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਅਤੇ ਉਹਨਾਂ ਦੇ ਹੱਲ ਲਈ ਕੈਪਟਨ ਸੰਧੂ ਦੇ ਦਖਲ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਕੈਪਟਨ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜੈਤੋ ਦੀਆਂ ਸਮੱਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕਣਗੇ। ਪ੍ਰਧਾਨਗੀ ਦੇ ਮੁੱਦੇ ਉੱਪਰ ਸੁਰਜੀਤ ਸਿੰਘ ਬਾਬਾ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਵੀ ਸਪੱਸ਼ਟ ਕਰਦੇ ਹਨ ਕਿ ਉਹ ਲੋਕਾਂ ਦੇ ਸੇਵਾਦਾਰ ਹਨ ਅਤੇ ਸੇਵਾਦਾਰ ਬਣ ਕੇ ਹੀ ਕੰਮ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਪਾਰਟੀ ਜੋ ਵੀ ਜਿੰਮੇਵਾਰੀ ਦੇਵੇਗੀ ਉਹ ਖਿੜੇ ਮੱਥੇ ਸਵੀਕਾਰ ਕਰਨਗੇ।