ਅਸ਼ੋਕ ਵਰਮਾ
ਬਠਿੰਡਾ,17ਫਰਵਰੀ2021: ਇੰਡੀਅਨ ਨੈਸ਼ਨਲ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਚੋਣਾਂ ਵਿਚ 50 ਵਿਚੋਂ 43 ਸੀਟਾਂ ਹਾਸਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਵਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰਾਂ ਪਛਾੜ ਦਿੱਤਾ ਹੈ। ਹੁਣ 53 ਸਾਲਾਂ ਵਿਚ ਪਹਿਲੀ ਵਾਰ ਬਠਿੰਡਾ ਦਾ ਮੇਅਰ ਕਾਂਗਰਸ ਪਾਰਟੀ ਨਾਲ ਸਬੰਧਤ ਹੋਵੇਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਇਹ ਨਿੱਜੀ ਜਿੱਤ ਹੈ ਕਿਉਂਕਿ ਉਹ ਚਾਰ ਸਾਲ ਪਹਿਲਾਂ ਬਠਿੰਡਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਬਠਿੰਡਾ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੇ ਹਨ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਹਨ।
ਇਹ ਜਿੱਤ ਸਖਤ ਮਿਹਨਤ ਸਦਕਾ ਹਾਸਲ ਹੋਈ ਹੈ ਕਿਉਂਕਿ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਅਕਾਲੀ ਦਲ ਨਾਲ ਸਬੰਧਤ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਿਛਲੀ ਭਾਈਵਾਲੀ ਪਾਰਟੀ ਭਾਜਪਾ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਠਿੰਡਾ ਵਿਚ ਦਬਦਬਾ ਬਣਾਇਆ ਹੋਇਆ ਸੀ।ਪਾਰਟੀ ਵੱਲੋਂ 85 ਫੀਸਦੀ ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, ‘ਸਮਾਂ ਬਦਲ ਗਿਆ ਹੈ ਅਤੇ ਬਠਿੰਡਾ ਨੇ ਇਤਿਹਾਸ ਦਾ ਪੰਨਾ ਪਲਟ ਦਿੱਤਾ ਹੈ ।’
ਅਕਾਲੀ ਦਲ ਨੇ ਸਿਰਫ ਸੱਤ ਸੀਟਾਂ ਹਾਸਲ ਕੀਤੀਆਂ ਹਨ ਜਦੋਂਕਿ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ। ਸਮੂਹ ਬਠਿੰਡਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਸਹੀ ਫੈਸਲਾ ਕਰਨ ਲਈ ਲੋਕਾਂ ਦੀ ਸ਼ਲਾਘਾ ਵੀ ਕੀਤੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, “ਇਹ ਕਾਂਗਰਸ ਦੀ ਜਿੱਤ ਹੈ। ਇਹ ਜਿੱਤ ਭਾਰਤ ਦੇ ਉਹਨਾਂ ਲੋਕਾਂ ਦੀ ਹੈ ਜੋ ਭਾਰਤ ਦੀ ਖੇਤੀਬਾੜੀ, ਪੇਂਡੂ ਆਰਥਿਕਤਾ ਨੂੰ ਖਤਮ ਕਰਨ, ਲੋਕਾਂ ਦੀਆਂ ਇੱਛਾਵਾਂ ਨੂੰ ਕੁਚਲਣ ਵਾਲੇ ਸਵਾਰਥੀ ਹਿੱਤਾਂ ਵਿਰੁੱਧ ਉੱਠੇ ਹਨ।
ਉਹਨਾਂ ਕਿਹਾ ਕਿ ‘ਇਹ ਚੋਣ ਨਤੀਜੇ ਉਹਨਾਂ ਹੱਥਠੋਕਿਆਂ ਦੀਆਂ ਅੱਖਾਂ ਖੋਹਲਣ ਵਾਲੇ ਹਨ ਜੋ ਭਾਰਤੀ ਕਿਸਾਨਾਂ, ਮਜਦੂਰਾਂ ਅਤੇ ਮੱਧ ਵਰਗਾਂ ਨੂੰ ਲਗਾਤਾਰ ਨਿਸ਼ਾਨੇ ਬਣਾ ਰਹੇ ਹਨ। ਵਿੱਤ ਮੰਤਰੀ ਨੇ ਕਿਹਾ, “ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਲੋਕਾਂ ਦੀ ਆਵਾਜ ਸੁਣੋ ਕਿਉਂਕਿ ਜਿਹੜੇ ਲੋਕਾਂ ਦੀ ਆਵਾਜ ਦਬਾਉਂਦੇ ਹਨ ਉਹ ਇਤਿਹਾਸ ਵਿਚ ਰੁਲ ਜਾਂਦੇ ਹਨ। ਬਠਿੰਡਾ ਨੂੰ ਹਰ ਪੱਖੋ ਬਿਹਤਰ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਨਾ ਸਿਰਫ ਪੰਜਾਬ ਬਲਕਿ ਪੂਰੇ ਉੱਤਰੀ ਭਾਰਤ ਲਈ ਰੋਲ ਮਾਡਲ ਬਣੇਗਾ।