- ਭਾਜਪਾ ਦੇ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਵੱਲੋਂ ਐਸ.ਐਸ.ਪੀ. ਤੇ ਏ.ਡੀ.ਸੀ. ਨਾਲ ਮੁਲਾਕਾਤ, ਸੌਂਪਿਆ ਮੰਗ ਪੱਤਰ
ਮੋਹਾਲੀ, 12 ਫ਼ਰਵਰੀ 2021 - ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਉਤੇ ਹੋ ਰਹੇ ਹਮਲਿਆਂ ਅਤੇ ਕਾਂਗਰਸੀ ਸਮਰਥਕਾਂ ਵੱਲੋਂ ਕਿਸਾਨਾਂ ਦੀ ਆਡ਼ ਵਿੱਚ ਕੀਤੇ ਜਾ ਰਹੇ ਉਮੀਦਵਾਰਾਂ ਤੇ ਆਗੂਆਂ ਦੇ ਘਿਰਾਓ ਦੇ ਮੱਦੇਨਜ਼ਰ ਅੱਜ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦੀ ਅਗਵਾਈ ਵਿੱਚ ਆਗੂਆਂ ਦੇ ਵਫ਼ਦ ਨੇ ਐਸ.ਐਸ.ਪੀ. ਅਤੇ ਏ.ਡੀ.ਸੀ. ਮੋਹਾਲੀ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ। ਸਾਬਕਾ ਮੰਤਰੀ ਅਤੇ ਨਿਗਮ ਚੋਣਾਂ ਲਈ ਭਾਜਪਾ ਦੇ ਇੰਚਾਰਜ ਸ੍ਰੀ ਕੇ.ਡੀ. ਭੰਡਾਰੀ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ੍ਰੀ ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸ਼ਿਸ਼ਟ ਆਦਿ ਵੀ ਮੌਜੂਦ ਸਨ।
ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਐਸ.ਐਸ.ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਵਿਚ ਦੱਸਿਆ ਗਿਆ ਕਿ ਬੀਤੇ ਦਿਨ ਸੈਕਟਰ 79 ਵਿੱਚ ਭਾਜਪਾ ਆਗੂਆਂ ਉਤੇ ਕਿਸਾਨਾਂ ਦੀ ਆਡ਼ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਬਾਰੇ ਦੱਸਿਆ ਗਿਆ ਗਿਆ ਹੈ ਅਤੇ ਹਮਲਾਵਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖੀ ਗਈ ਹੈ। ਇਸ ਤੋਂ ਇਲਾਵਾ ਏ.ਡੀ.ਸੀ. ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਭਾਜਪਾ ਉਮੀਦਵਾਰਾਂ ਉਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ 14 ਫ਼ਰਵਰੀ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ਉਤੇ ਪੁਲਿਸ ਦੀ ਸਖ਼ਤੀ ਕੀਤੀ ਜਾਵੇ ਅਤੇ ਭਾਜਪਾ ਉਮੀਦਵਾਰਾਂ ਦੇ ਟੈਂਟਾਂ ਆਦਿ ਨੇਡ਼ੇ ਵੀ ਪੁਲਿਸ ਤਾਇਨਾਤ ਕੀਤੀ ਜਾਵੇ ਤੇ ਬਕਾਇਦਾ ਵੀਡੀਓਗ੍ਰਾਫ਼ੀ ਕਰਵਾਈ ਜਾਵੇ।
ਉਨ੍ਹਾਂ ਤਿੰਨ ਦਿਨ ਪਹਿਲਾਂ ਭਾਜਪਾ ਉਮੀਦਵਾਰ ਮੁੰਨੀ ਸ਼ਰਮਾ ਦੇ ਪਤੀ ਦੀ ਆਤਮ ਹੱਤਿਆ ਮਾਮਲੇ ਵਾਲੇ ਕੇਸ ਵਿੱਚ ਸ਼ਾਮਿਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੁਰੰਤ ਕਰਵਾਉਣ ਅਤੇ ਵਾਰਡ ਨੰਬਰ 50 ਤੋਂ ਉਮੀਦਵਾਰ ਮਦਨ ਸ਼ੌਂਕੀ ਅਤੇ ਹੋਰਨਾਂ ਉਮੀਦਵਾਰਾਂ ਗੀਤਾ ਅਨੰਦ, ਰੇਖਾ, ਨੀਲਮ ਪੁਰੀ ਆਦਿ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਉਤੇ ਹੋਏ ਹਮਲਿਆਂ ਬਾਰੇ ਵੀ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਗਏ ਹਨ।
ਭਾਜਪਾ ਆਗੂ ਸ੍ਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇਕਰ ਭਾਜਪਾ ਦੇ ਕਿਸੇ ਵੀ ਉਮੀਦਵਾਰ ਜਾਂ ਆਗੂ ਜਾਂ ਵਰਕਰਾਂ ਉਤੇ ਕੋਈ ਹਮਲੇ ਆਦਿ ਹੁੰਦੇ ਹਨ ਤਾਂ ਇਸ ਦੇ ਲਈ ਮੋਹਾਲੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।