ਹਰਜਿੰਦਰ ਸਿੰਘ ਭੱਟੀ
- ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ
ਐਸ.ਏ.ਐਸ.ਨਗਰ, 12 ਫਰਵਰੀ 2021 - ਅਗਾਮੀ ਮਿਊਂਸਿਪਲ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਜਾਂਚ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਐਸ.ਏ.ਐਸ.ਨਗਰ ਗਿਰੀਸ਼ ਦਿਆਲਨ ਵਲੋਂ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੇ ਸਟਰਾਂਗ ਰੂਮਜ਼ ਅਤੇ ਪ੍ਰਸਤਾਵਿਤ ਗਿਣਤੀ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸਹਾਇਕ ਕਮਿਸ਼ਨਰ ਜਨਰਲ (ਯੂ. ਟੀ.), ਮਨੀਸ਼ਾ ਰਾਣਾ ਮੌਜੂਦ ਸਨ। ਉਹਨਾਂ ਨੇ ਸੋਹਾਣਾ ਦੇ ਸਪੋਰਟਸ ਸਟੇਡੀਅਮ ਅਤੇ ਜ਼ਿਲ੍ਹਾ ਮੰਡੀ ਦਫਤਰ, ਸੈਕਟਰ 65, ਸੈਂਚੁਰੀ ਪਬਲਿਕ ਸਕੂਲ ਨਯਾਗਾਓਂ ਅਤੇ ਖੂਨੀ ਮਾਜਰਾ ਖਰੜ ਤੇ ਕੁਰਾਲੀ ਦੇ ਸੈਂਟਰਾਂ ਦਾ ਵੀ ਜਾਇਜ਼ਾ ਲਿਆ। ਨਿਰੀਖਣ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹਾ ਐਸਐਸਪੀ ਵਲੋਂ ਵੀ ਇਸ ਸਬੰਧੀ ਚੈਕਿੰਗ ਕੀਤੀ ਗਈ ਹੈ। ਸ੍ਰੀ ਦਿਆਲਨ ਨੇ ਦੱਸਿਆ ਕਿ ਇਹ ਕੇਂਦਰ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਪਿਤ ਕੀਤੇ ਗਏ ਹਨ।
ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਥਾਵਾਂ ’ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਇਹ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਟਰਾਂਗ ਰੂਮਜ਼ ਦੀ ਚੰਗੀ ਤਰ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸੁਰੱਖਿਆ ਦੀ ਵਿਆਪਕ ਪ੍ਰਣਾਲੀ ਅਪਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਸਟਰਾਂਗ ਰੂਮਜ਼ ਦੇ ਬਾਹਰ ਸੁਰੱਖਿਆ ਕੈਮਰੇ ਲਗਾਏ ਗਏ ਹਨ ਜੋ ਇਹਨਾਂ ਰੂਮਜ਼ ਦੇ ਆਲੇ-ਦੁਆਲੇ ਦੀ ਹਰਕਤ ਦੀ 24 * 7 ਰਿਕਾਰਡਿੰਗ ਕਰਨਗੇ । ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਵਿਚ ਭਰੋਸੇਯੋਗਤਾ ਲਿਆਉਣ ਦੇ ਮੱਦੇਨਜ਼ਰ, ਸੁਰੱਖਿਆ ਕੈਮਰਿਆਂ ਦੀ ਲਾਈਵ ਫੀਡ ਸਟਰਾਂਗ ਰੂਮਜ਼ ਵਾਲੀ ਇਮਾਰਤ ਵਿਚ ਸਾਂਝੇ ਥਾਂ 'ਤੇ ਸਬੰਧਤ ਵਿਆਕਤੀ ਵਲੋ ਦੇਖੀ ਜਾ ਸਕੇਗੀ।