ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2021 - ਨਗਰ ਨਿਗਮ ਬਠਿੰਡਾ ਦਾ ਅਗਲਾ ਮੇਅਰ ਕੌਣ ਹੋਵੇਗਾ, ਹੁਣ ਇਸ ਤੇ ਸ਼ਹਿਰ ਵਾਸੀਆਂ ਹੀ ਨਹੀਂ ਬਲਕਿ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਹਨ। ਉਂਜ ਅੰਤਮ ਫੈਸਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਤੇ ਵਿੱਤ ਮੰਤਰੀ ਪੰਜਾਬ ਵੱਲੋਂ ਲਿਆ ਜਾਦਾ ਹੈ। ਖੁਦ ਕਾਂਗਰਸੀ ਆਗੂ ਵੀ ਮੰਨਦੇ ਹਨ ਕਿ ਜਿਸ ਦੇ ਸਿਰ ਤੇ ਵਿੱਤ ਮੰਤਰੀ ਨੇ ਹੱਥ ਰੱਖ ਦਿੱਤਾ ਉਹੋ ਹੀ ‘ਮੇਅਰ ਦੀ ਚੇਅਰ’ ਤੇ ਬੈਠੇਗਾ। ਕਾਂਗਰਸ ਨੂੰ ਇੰਨ੍ਹਾਂ ਚੋਣਾਂ ’ਚ ਜਬਰਦਸਤ ਜਿੱਤ ਹਾਸਲ ਹੋਈ ਹੈ ਜਿਸ ਦੇ 43 ਕੌਂਸਲਰ ਹਨ। ਭਾਵੇਂ ਸ਼ਹਿਰ ਦੇ ਲੋਕ ਵੱਖ ਵੱਖ ਕਿਆਸ ਅਰਾਈਆਂ ਲਾ ਰਹੇ ਹਨ ਪਰ ਅਸਲ ’ਚ ਟੱਕਰ ਅੱਧੀ ਦਰਜਨ ਤੋਂ ਵੱਧ ਚਿਹਰਿਆਂ ‘ਚ ਮੰਨੀ ਜਾ ਰਹੀ ਹੈ ਜਿੰਨ੍ਹਾਂ ’ਚ 4 ਪੁਰਸ਼ ਅਤੇ ਏਨੀਆਂ ਹੀ ਔਰਤਾਂ ਕੌਂਸਲਰ ਹਨ।
ਦੱਸਣਯੋਗ ਹੈ ਕਿ ਸਾਲ 2015 ਦੀਆਂ ਨਗਰ ਨਿਗਮ ਚੋਣਾਂ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਫੈਸਲੇ ਨੇ ਕਈ ਅਕਾਲੀ ਕੌਂਸਲਰਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਸੀ । ਉਦੋਂ ਬਠਿੰਡਾ ਦੇ ਇੱਕ ਵਕੀਲ ਨੇ ਰਿੱਟ ਦਾਇਰ ਕਰਕੇ ਮੇਅਰ ਰੋਟੇਸ਼ਨ ਦੇ ਅਧਾਰ ਤੇ ਬਨਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਪਹਿਲੀ ਸੁਣਵਾਈ ’ਚ ਪੰਜਾਬ ਸਰਕਾਰ ਨੂੰ ਇਸ ਸਬੰਧ ’ਚ ਕਾਰਵਾਈ ਦੇ ਆਦੇਸ਼ ਦਿੱਤੇ ਸਨ ਜਿੰਨ੍ਹਾਂ ਤੇ ਅਮਲ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਦਲਿਤ ਮੇਅਰ ਬਨਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਦੇ ਅਧਾਰ ਤੇ ਬਲਵੰਤ ਰਾਏ ਨਾਥ ਬਠਿੰਡਾ ਦੇ ਪਹਿਲੇ ਦਲਿਤ ਮੇਅਰ ਬਣ ਗਏ। ਹੁਣ ਵੀ ਕਾਂਗਰਸੀ ਕੌਂਸਲਰ ਭਾਵੇਂ ਕੁੱਝ ਵੀ ਕਹਿਣ ਮੇਅਰ ਬਣਨ ਦੇ ਚਾਹਵਾਨਾਂ ਨੂੰ ਅੰਦਰੋ ਅੰਦਰੀ ਇਹੀ ਡਰ ਸਤਾ ਰਿਹਾ ਹੈ।
ਜੇਕਰ ਰੋਟੇਸ਼ਨ ਦੀ ਗੱਲ ਤੁਰਦੀ ਹੈ ਤਾਂ ਇਹ ਅਹੁਦਾ ਔਰਤ ਕੌਂਸਲਰ ਦੇ ਖਾਤੇ ’ਚ ਜਾ ਸਕਦਾ ਹੈ ਜੋਕਿ ਪੁਰਸ਼ ਕੌਂਸਲਰਾਂ ਲਈ ਭਾਰੇ ਫਿਕਰਾਂ ਵਾਲੀ ਗੱਲ ਹੈ।ਸ਼ਹਿਰ ਦੀ ਰਾਜਨੀਤਕ ਸਥਿਤੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਮੇਅਰ ਦੇ ਅਹੁਦੇ ਲਈ ਜਗਰੂਪ ਸਿੰਘ ਗਿੱਲ, ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ, ਮਾਸਟਰ ਹਰਮੰਦਰ ਸਿੰਘ ਅਤੇ ਸ਼ਾਮ ਲਾਲ ਜੈਨ ਦੇ ਨਾਮ ਚੱਲ ਰਹੇ ਹਨ ਜਦੋਂਕਿ ਔਰਤ ਕੌਂਸਲਰਾਂ ’ਚ ਨੇਹਾ ਜਿੰਦਲ , ਕਾਂਗਰਸੀ ਆਗੂ ਪਵਨ ਮਾਨੀ ਦੀ ਪਤਨੀ ਪਰਵੀਨ ਗਰਗ ਅਤੇ ਵਾਰਡ ਨੰਬਰ ਪੰਜ ਤੋਂ ਚੋਣ ਜਿੱਤੀ ਸੋਨੀਆ ਬਾਂਸਲ ਸ਼ਾਮਲ ਹਨ। ਇੰਨ੍ਹਾਂ ਦਾਅਵੇਦਾਰਾਂ ’ਚ ਸਭ ਤੋਂ ਪ੍ਰਮੁੱਖ ਵਾਰਡ ਨੰਬਰ 48 ਤੋਂ ਚੋਣ ਜਿੱਤੇ ਜਗਰੂਪ ਸਿੰਘ ਗਿੱਲ ਦਾ ਨਾਮ ਹੈ ਜੋ ਟਕਸਾਲੀ ਕਾਂਗਰਸੀ ਅਤੇ ਸੀਨੀਆਰਤਾ ’ਚ ਸਾਰਿਆਂ ਤੋਂ ਉੱਪਰ ਹਨ। ਗਿੱਲ ਨੂੰ ਰਾਜਨੀਤੀ ਦੇ ਨਾਲ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਦੀ ਮੁਕੰਮਲ ਜਾਣਕਾਰੀ ਹੈ।
ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਕੇ ਕੌਂਸਲਰ ਦੀ ਚੋਣ ਲੜਨਾ ਵੀ ਗਿੱਲ ਦੀ ਮੇਅਰ ਵੱਜੋਂ ਦਾਅਵੇਦਾਰੀ ਵਜੋਂ ਦੇਖਿਆ ਜਾ ਰਿਹਾ ਹੈ। ਦੂਸਰਾ ਵੱਡਾ ਨਾਮ ਸ਼ਾਮ ਲਾਲ ਜੈਨ ਦਾ ਹੈ ਜੋ ਤੀਸਰੀ ਵਾਰ ਵੱਡੀ ਗਿਣਤੀ ਵੋਟਾਂ ਨਾਲ ਕੌਂਸਲਰ ਦੀ ਚੋਣ ਜਿੱਤੇ ਹਨ। ਉਹ ਪਹਿਲਾਂ ਅਕਾਲੀ ਦਲ ’ਚ ਸਨ ਪਰ ਸੱਤਾ ਤਬਦੀਲੀ ਉਪਰੰਤ ਜੈਨ ਨੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ ਸੀ। ਸੂਤਰ ਦੱਸਦੇ ਹਨ ਕਿ ਜੈਨ ਦੀ ਸ਼ਹਿਰੀ ਲੀਡਰਸ਼ਿੱਪ ’ਚ ਤਾਂ ਪਕੜ ਹੈ ਹੀ ਬਲਕਿ ਮੋਤੀ ਮਹਿਲ ਤੋਂ ਲੈਕੇ ਕਾਂਗਰਸ ਹਾਈਕਮਾਂਡ ਤੱਕ ਵੀ ਪਹੁੰਚ ਹੈ ਜਿਸ ਨਾਲ ਉਨ੍ਹਾਂ ਦੀ ਲਾਟਰੀ ਲੱਗ ਸਕਦੀ ਹੈ। ਅਕਾਲੀ ਦਲ ਵਿੱਚੋਂ ਕਾਂਗਰਸ ’ਚ ਸ਼ਾਮਲ ਹੋਣ ਮਾਸਟਰ ਹਰਮੰਦਰ ਸਿੰਘ ਵੀ ਮੇਅਰ ਬਣਨ ਦੀ ਦੌੜ ’ਚ ਹਨ। ਐਫਐਂਡਸੀਸੀ ਦੇ ਮੈਂਬਰ ਹੁੰਦਿਆਂ ਉਨ੍ਹਾਂ ਨੇ ਨਗਰ ਨਿਗਮ ’ਚ ਅਹਿਮ ਭੂਮਿਕਾ ਨਿਭਾਈ ਸੀ।
ਇਸੇ ਤਰਾਂ ਹੀ ਮੇਅਰ ਲਈ ਚੱਲ ਰਹੇ ਦੰਗਲ ਦੌਰਾਨ ਸਾਬਕਾ ਸ਼ਹਿਰੀ ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੂੰ ਵੀ ਤਕੜਾ ਪਹਿਲਵਾਨ ਮੰਨਿਆ ਜਾਂਦਾ ਹੈ। ਉਹ ਵਿੱਤ ਮੰਤਰੀ ਦੀ ਟੀਮ ਦੇ ਅਹਿਮ ਮੈਂਬਰ ਹਨ ਜੋ ਮੇਅਰ ਦਾ ਅਹੁਦਾ ਹਾਸਲ ਕਰਨ ਲਈ ਵੱਡੀ ਯੋਗਤਾ ਹੈ। ਅਸ਼ੋਕ ਕੁਮਾਰ ਪੰਜਾਬ ਕਾਂਗਰਸ ’ਚ ਜਰਨਲ ਸਕੱਤਰ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਜੇਕਰ ਕੋਈ ਉਲਟਫੇਰ ਹੋ ਵੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਬਨਾਉਣ ਦੀ ਪੂਰੀ ਪੂਰੀ ਸੰਭਾਵਨਾ ਹੈ। ਜੇਕਰ ਅਹੁਦਾ ਔਰਤਾਂ ਲਈ ਰਾਖਵਾਂ ਹੋ ਜਾਂਦਾ ਹੈ ਤਾਂ ਇਸ ਦੌੜ ’ਚ ਸ਼ਾਮਲ ਵੱਡੇ ਸਿਆਸੀ ਚਿਹਰਿਆਂ ਨੂੰ ਦੋ ਨੰਬਰ ਵਾਲੀ ਕੁਰਸੀ ਨਾਲ ਸਬਰ ਕਰਨਾ ਵੀ ਪੈ ਸਕਦਾ ਹੈ।
ਔਰਤ ਕੌਂਸਲਰਾਂ ਦੇ ਮਾਮਲੇ ’ਚ ਪਵਨ ਮਾਨੀ ਦੀ ਪਤਨੀ ਪਰਵੀਨ ਗਰਗ ਵੀ ਮੋਹਰੀਆਂ ’ਚ ਸ਼ਾਮਲ ਹੈ। ਇਹ ਪ੍ਰੀਵਾਰ ਪਿਛਲੇ ਚਾਰ ਦਹਾਕਿਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਇਸੇ ਤਰਾਂ ਹੀ ਨੇਹਾ ਜਿੰਦਲ ਦਾ ਨਾਮ ਵੀ ਇਸੇ ਦੌੜ ’ਚ ਬੋਲਦਾ ਹੈ। ਨੇਹਾ ਜਿੰਦਲ ਦਾ ਸਹੁਰਾ ਮਨੋਜ ਜਿੰਦਲ ਵਿੱਤ ਮੰਤਰੀ ਦੇ ਨੇੜਲਿਆਂ ਚੋਂ ਹੈ। ਵਾਰਡ ਨੰਬਰ ਪੰਜ ਦੀ ਸੋਨੀਆ ਬਾਂਸਲ ਦਾ ਪਤੀ ਸੁਨੀਲ ਬਾਂਸਲ ਵੀ ਰਾਜਨੀਤੀ ’ਚ ਕਾਫੀ ਸਮੇਂ ਤੋਂ ਸਰਗਰਮ ਹੈ। ਸਾਬਕਾ ਅਕਾਲੀ ਤੇ ਹੁਣ ਕਾਂਗਰਸ ਦੀ ਕੌਂਸਲਰ ਬੀਬੀ ਸੰਤੋਸ਼ ਮਹੰਤ ਨੂੰ ਵੀ ਮੇਅਰ ਬਣਨ ਦੇ ਚਾਹਵਾਨਾਂ ’ਚ ਸ਼ੁਮਾਰ ਕੀਤਾ ਜਾਂਦਾ ਹੈ।ਜੇਕਰ ਮੇਅਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੋਇਆ ਤਾਂ ਇੰਨ੍ਹਾਂ ਦੀ ਕਿਸਮਤ ਖੁੱਲ੍ਹ ਸਕਦੀ ਹੈ ਨਹੀਂ ਤਾਂ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਦੇ ਅਹੁਦੇ ਝੋਲੀ ਪੈ ਸਕਦੇ ਹਨ।