ਹਰਜਿੰਦਰ ਸਿੰਘ ਭੱਟੀ
- ਕਿਹਾ ਕਿ ਕਾਂਗਰਸ ਦੇ ਚਾਰ ਸਾਲਾਂ ਦੇ ਕੁਸ਼ਾਸਨ ਨੇ ਸ਼ਹਿਰ ਵਿਚ ਵਿਕਾਸ ਤੇ ਨਿਵੇਸ਼ ਖ਼ਤਮ ਕੀਤਾ
- ਬਲਬੀਰ ਸਿੱਧੂ ਖਿਲਾਫ ਜਾਂਚ ਦਾ ਕੀਤਾ ਵਾਅਦਾ, ਕਿਹਾ ਕਿ ਸਾਬਕਾ ਮੇਅਰ ਤੇ ਉਹਨਾਂ ਦੀ ਟੀਮ ਨੂੰ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ
ਮੋਹਾਲੀ, 12 ਫਰਵਰੀ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ 3 ਹਜ਼ਾਰ ਕਰੋੜ ਰੁਪਏ ਵਿਕਾਸ ਕਾਰਜਾਂ ’ਤੇ ਖਰਚ ਕਰ ਕੇ ਮੁਹਾਲੀ ਨੂੰ ਟ੍ਰਾਇ ਸਿਟੀ ਵਿਚੋਂ ਸਭ ਤੋਂ ਵੱਧ ਤਰੱਕੀ ਵਾਲਾ ੲਲਾਕਾ ਬਣਾਇਆ ਪਰ ਪਿਛਲੇ ਚਾਰ ਸਾਲਾਂ ਦੌਰਾਨ ਕਾਂਗਰਸ ਦੇ ਕੁਸ਼ਾਸਨ ਦੌਰਾਨਸ਼ਹਿਰ ਵਿਚ ਵਿਕਾਸ ਤੇ ਨਿਵੇਸ਼ ਦਾ ਭੋਗ ਪੈ ਗਿਆ।
ਇਥੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸ੍ਰੀ ਚਰਨਜੀਤ ਸਿੰਘ ਬਰਾੜ ਦੇ ਨਾਲ ਸੋਹਣਾ ਵਿਖੇ ਵੱਡੇ ਇਕੱਠ ਤੇ ਫਿਰ ਮੁਹਾਲੀ ਦੇ ਹੋਰ ਵਾਰਡਾਂ ਵਿਚ ਇਕੱਠਾਂ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਥੇ ਅਕਾਲੀ ਦਲ ਦੀ ਸਰਕਾਰ ਵੇਲੇ ਕੌਮਾਂਤਰੀ ਹਵਾਈ ਅੱਡਾ ਤੇ ਚਾਰ ਮਾਰਗੀ ਸੜਕਾਂ ਦਾ ਜਾਲ ਵਿਛਾਇਆ ਗਿਆ, ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ ਤੇ ਇਨਫੋਸਿਸ਼ ਕੰਪਨੀ ਲਿਆਂਦੀ ਗਈ, ਉਥੇ ਹੀ ਕਾਂਗਰਸ ਦੇ ਰਾਜ ਦੌਰਾਨ ਵਿਆਪਕ ਭ੍ਰਿਸ਼ਟਾਚਾਰ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਆਪਣੇ ਨਿੱਜੀ ਮੁਨਾਫੇ ਵਾਸਤੇ ਸ਼ਾਮਲਾਟਾਂ ’ਤੇ ਕਬਜ਼ੇ ਕੀਤੇ ਗਏ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਹੁਣ ਸ਼ਹਿਰ ਵਿਚ ਹੋਰ ਨਿਵੇਸ਼ ਨਹੀਂ ਹੋ ਰਿਹਾ ਤੇ ਇਸ ਕਰ ਕੇ ਪੰਜਾਬ ਵਿਚ ਪ੍ਰਤੀ ਵਿਅਕਤੀ ਆਮਦਨ ਹੁਣ ਕੌਮੀ ਔਸਤ ਨਾਲੋਂ ਵੀ ਘੱਟ ਗਈ।
ਬਾਦਲ ਨੇ ਕਿਹਾ ਕਿ ਤਾਜ਼ਾ ਅੰਕੜਿਆਂ ਨੇ ਇਹ ਵੀ ਦੱਸਿਆ ਹੈ ਕਿ ਸੂਬੇ ਵਿਚ ਪ੍ਰਤੀ ਵਿਅਕਤੀ ਖਰਚ ਵੀ ਦੇਸ਼ ਵਿਚ ਸਭ ਨਾਲੋਂ ਘੱਟ ਹੈ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਇਯਦੇ ਚੋਟੀ ਦੇ ਆਗੂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਸੜਕਾਂ ’ਤੇ ਪੈੱਚ ਲਗਾਏ ਹਨ। ਉਹਨਾਂ ਕਿਹਾÇ ਕ ਇਸ ਵਾਰ ਤਾਂ ਪੈਚ ਵੀ ਨਹੀਂ ਲੱਗੇ ਤੇ ਬਾਕੀ ਤਾਂ ਕਹਿਣਾ ਹੀ ਕੀ ਹੈ। ਉਹਨਾਂ ਕਿਹਾ ਕਿ ਅੰਕੜੇ ਇਹ ਵੀ ਦੱਸਦੇ ਸਨ ਕਿ ਸਮਾਜਿ ਖੇਤਰ ’ਤੇ ਵੀ ਸੂਬੇ ਦਾ ਖਰਚ ਬਹੁਤ ਜ਼ਿਆਦਾ ਘੱਟ ਗਿਆ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ ਗਰੀਬਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਕੁਝ ਨਹੀਂ ਕੀਤਾ।
ਕਾਂਗਰਸ ਦੇ ਮੰਤਰੀ ਬਲਬੀਰ ਸਿੱਧੂ ਖਿਲਾਫ ਨਸ਼ਾ ਛੁਡਾਊ ਗੋਲੀਆਂ ਦੇ ਘੁਟਾਲੇ, ਕੋਰੋਨਾ ਦਾ ਸਮਾਨ ਖਰੀਦਣ ਦੇ ਘੁਟਾਲੇ ਤੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਦੇ ਮਾਮਲੇ ਵਿਚ ਵਿਚ ਜਾਂਚ ਦਾ ਵਾਅਦਾ ਕਰਦਿਆਂ ਸ੍ਰੀ ਬਾਦਲ ਨੇ ਸਾਬਕਾ ਮੇਅਰਕੁਲਵੰਤ ਸਿੰਘ ’ਤੇ ਵੀ ਵੱਡਾਹਮਲਾ ਕੀਤਾ ਜਿਹਨਾਂ ਨੇ ਕਾਂਗਰਸ ਦੀ ਮਦਦ ਨਾਲ ਆਜ਼ਾਦ ਤੌਰ ’ਤੇ ਚੋਣਾਂ ਲੜਨ ਲਈ ਵੱਖਰਾ ਗਰੁੱਪ ਬਣਾਇਆ ਹੈ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਨੇ ਜੋ ਵੀ ਹਾਸਲ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਦਕਾ ਹੀ ਕੀਤਾ ਤੇ ਹੁਣ ਉਹਨਾਂ ਨੇ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਉਹ ਤੇ ਉਹਨਾਂ ਦੀ ਟੀਮ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਵਿ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਫਲਾਈ ਓਵਰਾਂ ਦੀ ਉਸਾਰੀ ਦੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰਨ ਦਾ ਵੀ ਮਖੌਲ ਉਡਾਇਆ। ਉਹਨਾਂ ਕਿਹਾ ਕਿ ਨਿਗਮ ਤਾਂ ਪਹਿਲਾਂ ਹੀ 25 ਕਰੋੜ ਰੁਪਏ ਘਾਟੇ ਵਿਚ ਹੈ ਤੇ ਉਹ 600 ਕਰੋੜ ਰੁਪਏ ਦੇ ਮੁੱਲ ਦੇ ਫਲਾਈ ਓਵਰ ਦਾ ਵਾਅਦਾ ਕਿਸ ਆਧਾਰ ’ਤੇ ਕਰ ਰਹੇ ਹਨ ?
ਬਾਦਲ ਨੇ ਲੋਕਾਂ ਨੂੰ ਵਿਕਾਸ ਨੂੰ ਇਨਾਮ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕੁਲਵੰਤ ਸਿੰਘ ਦਾ ਕੋਈ ਰੋਲ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਸਾਲ ਬਾਅਦ ਮੁਹਾਲੀ ਦਾ ਵਿਕਾਸ ਮੁੜ ਸ਼ੁਰੂ ਕਰਨ ਲਈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ। ਉਹਨਾਂ ਕਿਹਾ ਕਿ ਜਿਹੋ ਜਿਹਾ ਵਿਕਾਸ ਤੁਸੀਂ ਅਕਾਲੀ ਦਲ ਦੀ ਸਰਕਾਰ ਵੇਲੇ ਵੇਖਿਆ, ਉਸੇ ਤਰੀਕੇ ਦੇ ਵਿਕਾਸ ਵਾਸਤੇ ਸਹੀ ਟੀਮ ਹੋਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਕ ਵਾਰ ਨਿਗਮ ਵਿਚ ਸਹੀ ਟੀਮ ਬਣ ਗਈ ਤਾਂ ਫਿਰ ਵਿਕਾਸ ਕਾਰਜ ਕਰਨੇ ਸੌਖੇ ਹੋ ਜਾਣਗੇ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸੂਬਾ ਚੋਣ ਕਮਿਸ਼ਨ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡ ਰਿਹਾ ਹੈ ਤੇ ਇਕ ਕਾਂਗਰਸੀ ਜਥੇਬੰਦੀ ਵਜੋਂ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਜਿਹੜੀਆਂ ਵੀ ਸ਼ਿਕਾਇਤਾਂ ਸੂਬਾ ਚੋਣ ਕਮਿਸ਼ਨ ਨੁੰ ਕੀਤੀਆਂ, ਉਹਨਾਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਖਿਲਾਫ ਕੀਤੀ ਜਾ ਰਹੀ ਗੁੰਡਾਗਰਦੀ ਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਕਮਿਸ਼ਨ ਨੇ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੈਰਾ ਮਿਲਟਰੀ ਫੋਰਸ ਸੱਦਣ ਤੋਂ ਵੀ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਾਡਾ ਸੂਬਾ ਚੋਣ ਕਮਿਸ਼ਨ ’ਤੇ ਵਿਸ਼ਵਾਸ ਉਠ ਗਿਆ ਹੈ ਤੇ ਇਸ ਤੋਂ ਸੂਬੇ ਵਿਚ ਲੋਕਤੰਤਰੀ ਸਰੂਪ ਨੂੰ ਬਚਾਉਣ ਕੁਝ ਵੀ ਕਰਨ ਦੀ ਆਸ ਨਹੀਂ ਰਹਿ ਗਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਰੂਬੀ ਵੀ ਹਾਜ਼ਰ ਸਨ।