- ਨਵਜੋਤ ਸਿੰਘ ਮਾਹਲ ਨੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਲਿਆ ਜਾਇਜ਼ਾ, ਪੁਲਿਸ ਫੋਰਸ ਨੂੰ ਮੁਸਤੈਦ ਰਹਿਣ ਲਈ ਕਿਹਾ
- ਚੋਣਾਂ ਦੌਰਾਨ ਅਮਨ-ਅਮਾਨ ਯਕੀਨੀ ਬਣਾਉਣ ਲਈ 2000 ਤੋਂ ਵੱਧ ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ
ਹੁਸ਼ਿਆਰਪੁਰ, 13 ਫਰਵਰੀ 2021 - ਜਿਲੇ ਅੰਦਰ ਭਲਕੇ 14 ਫਰਵਰੀ ਨੂੰ ਹੋ ਰਹੀਆਂ ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਵੋਟਾਂ ਸੁਚੱਜੇ ਢੰਗ ਨਾਲ ਪੁਆਉਣ ਨੂੰ ਯਕੀਨੀ ਬਣਾਉਣ ਅਤੇ ਅਮਨ-ਅਮਾਨ ਨੂੰ ਪੂਰਨ ਤੌਰ ਉਤੇ ਕਾਇਮ ਰੱਖਣ ਲਈ ਅੱਜ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਪੁਲਿਸ ਫੋਰਸ ਨੂੰ ਪੂਰੀ ਤਰ੍ਹਾਂ ਮੁਸਤੈਦ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਲੋੜੀਂਦੇ ਬੰਦੋਬਸਤ ਕੀਤੇ ਗਏ ਹਨ ਤਾਂ ਜੋ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
ਗੜ੍ਹਸ਼ੰਕਰ, ਮਾਹਿਲਪੁਰ, ਹੁਸ਼ਿਆਰਪੁਰ ਸ਼ਹਿਰ ਅੰਦਰ ਵੱਖ-ਵੱਖ ਥਾਂਵਾਂ ਦਾ ਦੌਰਾ ਕਰਨ ਮੌਕੇ ਨਵਜੋਤ ਮਾਹਲ ਨੇ ਦੱਸਿਆ ਕਿ ਵੋਟਰਾਂ ਦੁਆਰਾ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਆਜਾਦ ਤੇ ਨਿਰਪੱਖ ਢੰਗ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਜਿਲ੍ਹਾ ਪੁਲੀਸ ਪੂਰਨ ਤੌਰ ਉਤੇ ਵਚਨਬੱਧ ਹੈ। ਪੁਲਿਸ ਦੇ ਜਵਾਨਾਂ ਨੂੰ ਆਪਣੀ ਡਿਊਟੀ ਸਮਰਪਣ ਭਾਵਨਾ ਅਤੇ ਲਗਨ ਨਾਲ ਨਿਭਾਉਣ ਦੇ ਆਦੇਸ਼ ਦਿੰਦੇ ਹੋਏ ਐਸ.ਐਸ. ਪੀ. ਨੇ ਉਨ੍ਹਾਂ ਨੂੰ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਹੀਲੇ ਬਰਕਰਾਰ ਰੱਖਣ ਅਤੇ ਭੈੜੇ ਅਨਸਰਾਂ ਨਾਲ ਕਿਸੇ ਤਰ੍ਹਾਂ ਦੀ ਢਿੱਲਮਠ ਨਾ ਵਰਤਣ ਲਈ ਆਖਿਆ ਤਾਂ ਜੋ ਵੋਟਾਂ ਦਾ ਕੰਮ ਪੁਰਅਮਨ ਨਾਲ ਨੇਪਰੇ ਚਾੜਿਆ ਜਾ ਸਕੇ।
ਪੁਲਿਸ ਵੱਲੋਂ ਜਿਲਾ ਪੱਧਰ ਉਤੇ ਕੀਤੇ ਗਏ ਪੁਖਤਾ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ ਨਵਜੋਤ ਸਿੰਘ ਮਾਹਲ ਨੇ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2000 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 4 ਐਸ.ਪੀਜ਼, 14 ਡੀ.ਐਸ.ਪੀਜ਼, 15 ਐਸ.ਐਚ.ਓਜ਼ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਘਟਨਾ ਲਈ ਜਿੰਮੇਵਾਰ ਲੋਕਾਂ ਨਾਲ ਪੂਰੀ ਸਖਤੀ ਨਾਲ ਨਜਿਠਿਆ ਜਾਵੇਗਾ।
ਇਸ ਮੌਕੇ ਐਸ. ਪੀ. (ਡੀ) ਰਵਿੰਦਰਪਾਲ ਸਿੰਘ ਸੰਧੂ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।