ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2021: ਬਠਿੰਡਾ ਨਗਰ ਨਿਗਮ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਆਪਸੀ ਤਕਰਾਰਬਾਜੀ ਦੀਆਂ ਇੱਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਤਕਰੀਬਨ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਕਈ ਵਾਰਡ ਅਜਿਹੇ ਵੀ ਸਨ ਜਿਹਨਾਂ ਤੇ ਪੂਰਾ ਦਿਨ ਤਣਾਅ ਬਣਿਆ ਰਿਹਾ। ਉਂਜ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਦੇ ਸ਼ਹਿਰ ’ਚ ਗੁੰਡਾਗਰਦੀ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ ਬਲਕਿ ਬਹੁਤੇ ਕਾਂਗਰਸੀ ਨੇਤਾ ਵੋਟਾਂ ਭੁਗਤਾਉਣ ਨੂੰ ਪਹਿਲ ਦਿੰਦੇ ਰਹੇ। ਨਗਰ ਨਿਗਮ ਚੋਣਾਂ ਦੌਰਾਨ ਇਸ ਵਾਰ ਔਰਤ ਉਮੀਦਵਾਰਾਂ ਦੀ ਗਿਣਤੀ ਵਧਣ ਕਾਰਨ ਵੀ ‘ਡੌਲੇ ਦਿਖਾਉਣ’ ਦਾ ਰੁਝਾਨ ਘੱਟ ਰਿਹਾ। ਅੱਜ ਤਕਰੀਬਨ 64.36 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ ਜਦੋਂ ਕਿ ਪਿਛਲੀਆਂ ਚੋਣਾਂ ਦੌਰਾਨ67 ਫ਼ੀਸਦੀ ਵੋਟਾਂ ਪਈਆਂ ਸਨ। ਵੇਰਵਿਆਂ ਮੁਤਾਬਕ ਨਗਰ ਨਿਗਮ ਦੇ 50 ਵਾਰਡਾਂ ਦੀ ਚੋਣ ਲਈ 193 ਪੋਲਿੰਗ ਬੂਥ ਬਣਾਏ ਗਏ ਸਨ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸਵੇਰੇ 8 ਵਜੇ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਦੇਖਦਿਆਂ ਹੀ ਦੇਖਦਿਆਂ ਵੋਟਰਾਂ ਦੀਆਂ ਲਾਈਨਾਂ ਲੱਗ ਗਈਆਂ। ਜਿਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਕੀਤਾ ਫੈਸਲਾ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਿਆ ਉਹਨਾਂ ‘ਚ ਮੁੱਖ ਤੌਰ ਤੇ, ਮਾਸਟਰ ਹਰਮੰਦਰ ਸਿੰਘ, ਨਿਰਮਲ ਸਿੰਘ ਸੰਧੂ, ਅਕਾਲੀ ਉਮੀਦਵਾਰ ਹਰਵਿੰਦਰ ਸ਼ਰਮਾ ਗੰਜੂ, ਅਕਾਲੀ ਉਮੀਦਵਾਰ ਹਰਪਾਲ ਸਿੰਘ ਢਿੱਲੋਂਂ, ਆਪ ਉਮੀਦਵਾਰ ਮਨਦੀਪ ਕੌਰ, ਸਾਬਕਾ ਕੌਂਸਲਰ ਤੇ ਆਜਾਦ ਉਮੀਦਵਾਰ ਵਿਜੇ ਕੁਮਾਰ ਸ਼ਰਮਾਂ,ਉਹਨਾਂ ਦੀ ਪਤਨੀ ਸ਼ਮਾਂ ਸ਼ਰਮਾ ਅਤੇ ਭਾਜਪਾ ਉਮੀਦਵਾਰ ਸ਼ਾਮਲ ਹਨ। ਓਧਰ ਜਿਆਦਾਤਰ ਵਾਰਡਾਂ ‘ਚ ਅਮਨ ਅਮਾਨ ਨਾਲ ਪਈਆਂ ਹਨ। ਵੋਟਾਂ ਦੌਰਾਨ ਝੜਪ ਦਾ ਵੱਡਾ ਮਾਮਲਾ ਵਾਰਡ ਨੰਬਰ 8 ’ਚ ਸਾਹਮਣੇ ਆਇਆ ਜਿੱਥੇ ਅਕਾਲੀ ਦਲ ਨੇ ਬੂਥ ਤੇ ਕਬਜਾ ਕਰਨ ਦੇ ਦੋਸ਼ ਲਾਉਂਦਿਆਂ ਧਰਨਾ ਦਿੱਤਾ। ਅਕਾਲੀ ਉਮੀਦਵਾਰ ਹਰਪਾਲ ਸਿੰਘ ਤੇ ਹਮਲਾ ਵੀ ਕੀਤਾ ਗਿਆ ਜਿਸ ਦੀ ਕਵਰੇਜ ਕਰਨ ਗਏ ਕੈਮਰਾਮੈਨ ਦਾ ਪੁਲਿਸ ਨੇ ਮੋਬਾਇਲ ਖੋਹ ਲਿਆ।
ਇਸ ਮੌਕੇ ਅਕਾਲੀ ਵਰਕਰਾਂ ਨੇ ਪੁਲਿਸ ਖਿਲਾਫ ਧਰਨਾ ਲਾਇਆ। ਇਸੇ ਤਰਾਂ ਹੀ ਵਾਰਡ ਨੰਬਰ 43 ਜਿੱਥੇ ਸਾਬਕਾ ਕੌਂਸਲਰ ਪ੍ਰਦੀਪ ਗੋਇਲ ਦੀ ਪਤਨੀ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਹੈ ,ਵਿੱਚ ਭਾਜਪਾ ਵਰਕਰਾਂ ਨੇ ਧੱਕੇਸ਼ਾਹੀ ਦੇ ਦੋਸ਼ ਲਾਕੇ ਨਾਅਰੇਬਾਜੀ ਕੀਤੀ। ਇਸ ਮੌਕੇ ਭਾਜਪਾ ਵਰਕਰਾਂ ਨੇ ਆਖਿਆ ਕਿ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਨਾਲ 250 ਨਵੀਂਆਂ ਵੋਟਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਮੌਕੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ। ਇਸੇ ਤਰਾਂ ਹੀ ਵਾਰਡ ਨੰਬਰ 8 ’ਚ ਅਕਾਲੀ ਵਰਕਰਾਂ ਨੇ ਬੂਥ ਕੈਪਚਰਿੰਗ ਦੇ ਦੋਸ਼ ਲਾਏ ਅਤੇ ਧਰਨਾ ਦਿੱਤਾ। ਇਸੇ ਤਰਾਂ ਹੀ ਵਾਰਡ ਨੰਬਰ 33 ’ਚ ਵੀ ਕੁੱਝ ਲੋਕਾਂ ਵੱਲੋਂ ਪੋਲਿੰਗ ਬੂਥਾ ਦੇ ਅੰਦਰ ਜਾਣ ਤੋਂ ਕਾਫੀ ਹੰਗਾਮਾ ਹੋਇਆ। ਵਾਰਡ ਨੰਬਰ 31 ’ਚ ਵੀ ਆਪਸੀ ਬਹਿਸਬਾਜੀ ਦੀਆਂ ਖਬਰਾਂ ਹਨ।
ਪੁਲਿਸ ਨੇ ਕੈਮਰਾਮੈਨ ਦਾ ਮੋਬਾਇਲ ਖੋਹਿਆ
ਵਾਰਡ ਨੰਬਰ 8 ’ਚ ਬੂਥ ਤੇ ਕਬਜਾ ਕਰਨ ਦੀ ਸੂਚਨਾ ਮਿਲਣ ਤੇ ਕਵਰੇਜ ਲਈ ਮੌਕੇ ਤੇ ਪੁੱਜੇ ਇੱਕ ਚੈਨਲ ਦੇ ਕੈਮਰਾਮੈਨ ਸੋਨੀ ਠਾਕੁਰ ਦਾ ਮੋਬਾਇਲ ਪੁਲਿਸ ਨੇ ਖੋਹ ਲਿਆ। ਸੋਨੀ ਠਾਕੁਰ ਨੇ ਦੱਸਿਆ ਕਿ ਕਾਂਗਰਸੀ ਵਰਕਰਾਂ ਨੇ ਅਕਾਲੀ ਉਮੀਦਵਾਰ ਨੇ ਕਥਿਤ ਤੌਰ ਤੇ ਹਮਲਾ ਕੀਤਾ ਤਾਂ ਉਸ ਦੀ ਉਸ ਨੇ ਵੀਡੀਓ ਬਣਾ ਲਈ। ਉਹਨਾਂ ਦੱਸਿਆ ਕਿ ਪੁਲਿਸ ਦੇ ਇੱਥ ਡੀਐਸਪੀ ਨੇ ਮੋਬਾਇਲ ਖੋਹ ਕੇ ਥਾਣੇਦਾਰ ਰਵਿੰਦਰ ਸਿੰਘ ਨੂੰ ਫੜਾ ਦਿੱਤਾ। ਹਾਲਾਂਕਿ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਥਾਣੇਦਾਰ ਪਾਸਾ ਵੱਟ ਗਿਆ ਪਰ ਇਸ ਵਤੀਰੇ ਤੋਂ ਭੜਕੇ ਪੱਰਕਾਰ ਭਾਈਚਾਰੇ ਨੇ ਧਰਨਾ ਵੀ ਦਿੱਤਾ। ਮੀਡੀਆ ਕਰਮੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਮੁੱਦੇ ਤੇ ਮੀਟਿੰਗ ਸੱਦ ਲਈ ਹੈ।
ਅਮਨ ਅਮਾਨ ਨਾਲ ਪਈਆਂ ਵੋਟਾਂ:ਡੀਸੀ
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਰੇ ਵਾਰਡਾਂ ‘ਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਿਆ ਹੈ। ਉਹਨਾਂ ਦੱਸਿਆ ਕਿ ਈ.ਵੀ.ਐਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖ ਦਿੱਤਾ ਗਿਆ ਹੈ। ਉਹਨਾਂ ਸ਼ਾਂਤੀਪੂਰਨ ਤਰੀਕੇ ਨਾਲ ਵੋਟਾਂ ਪਾਉਣ ’ਤੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਚੋਣ ਅਮਲੇ ਨੂੰ ਵੀ ਵਧਾਈ ਦਿੱਤੀ ਹੈ।
ਇਹ ਹੈ ਵੋਟ ਪ੍ਰਤੀਸ਼ਤ ਦਾ ਅੰਕੜਾ
ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੁੱਲ 213 ਵਾਰਡਾਂ ਲਈ 341 ਪੋਲਿੰਗ ਸਟੇਸ਼ਨਾਂ ’ਤੇ 79.01 ਫ਼ੀਸਦੀ ਪੋਲਿੰਗ ਹੋਈ। ਨਤੀਜ਼ੇ 17 ਫ਼ਰਵਰੀ ਨੂੰ ਐਲਾਨੇ ਜਾਣਗੇ। ਬਠਿੰਡਾ ਨਗਰ ਨਿਗਮ ਲਈ 64.36 ਫ਼ੀਸਦੀ, 6 ਨਗਰ ਕੌਂਸਲਾਂ ’ਚ ਮੌੜ 76.83, ਰਾਮਾਂ ਮੰਡੀ 86.53, ਭੁੱਚੋਂ ਮੰਡੀ 86.26, ਗੋਨਿਆਣਾ 83.83, ਸੰਗਤ 89.86 ਤੇ ਕੋਟਫੱਤਾ ਵਿਖੇ 87.38 ਫ਼ੀਸਦੀ ਪੋਲਿੰਗ ਹੋਈ।ਇਸੇ ਤਰਾਂ 7 ਨਗਰ ਪੰਚਾਇਤਾਂ ’ਚ ਕੋਠਾਗੁਰੂ 75.11, ਭਗਤਾ ਭਾਈਕਾ 81.19, ਮਲੂਕਾ 81.3, ਭਾਈਰੂਪਾ 81.92, ਮਹਿਰਾਜ 74.07, ਨਥਾਣਾ 78.54 ਤੇ ਕੋਟਸ਼ਮੀਰ ਵਿਖੇ 88.34 ਫ਼ੀਸਦੀ ਪੋਲਿੰਗ ਹੋਈ। ਚੋਣਾਂ ਦੌਰਾਨ ਸਿਵਲ ਪ੍ਰਸ਼ਾਸਨ ਦੇ ਕਰੀਬ 1600 ਤੇ ਪੁਲਿਸ ਪ੍ਰਸ਼ਾਸਨ ਦੇ ਲਗਭਗ 2500 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਡਿਊਟੀ ਨਿਭਾਈ ਹੈ।