ਅਸ਼ੋਕ ਵਰਮਾ
ਬਠਿੰਡਾ,11ਫਰਵਰੀ2021: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਨੌਜਵਾਨਾਂ ਨੂੰ ਰੁਜਗਾਰ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਇਹਨਾਂ ਨੂੰ ਕੁਰਾਹੇ ਨਾ ਪਾਓ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਵਾਅਦਾ ਕੀਤਾ ਸੀ ਕਿ ਬਠਿੰਡਾ ਵਿੱਚ ਵੱਡੇ ਵੱਡੇ ਕਾਰਖਾਨੇ ਲੈ ਕੇ ਆਉਣਗੇ ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ ਪਰ ਕਾਰਖਾਨੇ ਤਾਂ ਨਹੀਂ ਲਿਆਂਦੇ ਗਏ ,ਸ਼ਹਿਰ ਵਿਚ ਜਗਾ ਜਗਾ ਮਸਾਜ ਪਾਰਲਰ ਅਤੇ ਕੈਸੀਨੋ ਜਰੂਰ ਖੁੱਲ ਗਏ ਹਨ। ਬਠਿੰਡਾ ਵਿੱਚ ਚੱਲ ਰਹੇ ਕੈਸੀਨੋ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕਰਕੇ ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਨੂੰ ਆਖਿਆ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਤੇ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਨਹੀਂ ਦੇ ਸਕਦੀ ਤਾਂ ਕਿਰਪਾ ਕਰ ਕੇ ਅਜਿਹੇ ਕੁਰੀਤੀਆਂ ਵਾਲੇ ਕੰਮ ਨਾ ਕਰੇ ਜਿਸ ਨਾਲ ਨੌਜਵਾਨ ਕੁਰਾਹੇ ਪੈਣ। ਸਾਬਕਾ ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਿਸ ਨੂੰ ਅਕਾਲੀ ਦਲ ਹਰਗਿਜ ਬਰਦਾਸ਼ਤ ਨਹੀਂ ਕਰੇਗਾ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਮੰਗਣ ਆ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਜਰੂਰ ਕਰਨ ਉਹਨਾਂ ਦੀ ਪੰਜਾਬ ਨੂੰ ਕੀ ਦੇਣ ਹੈ ਅਤੇ ਕਿੰਨੇ ਕਾਰਖਾਨੇ ਹੁਣ ਤੱਕ ਪੰਜਾਬ ਵਿੱਚ ਲਗਾਏ ਗਏ ਹਨ।