- ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਸਲ ਚੋਣਾਂ ਲਈ ਵੋਟਾਂ ਅੱਜ ਪੈਣਗੀਆਂ, ਚੋਣ ਅਮਲਾ ਪੋਲਿੰਗ ਸਟੇਸ਼ਨਾਂ ਲਈ ਰਵਾਨਾ
- ਡਿਪਟੀ ਕਮਿਸ਼ਨਰ ਵੱਲੋਂ ਸਮਾਣਾ ਤੇ ਪਾਤੜਾਂ ਅਤੇ ਏ.ਡੀ.ਸੀ. ਵੱਲੋਂ ਰਾਜਪੁਰਾ ਦਾ ਦੌਰਾ
- ਡੀ.ਸੀ. ਵੱਲੋਂ ਲੋਕਾਂ ਨੂੰ ਆਪਣੇ ਲੋਕਤੰਤਰੀ ਹੱਕ ਦਾ ਇਸਤੇਮਾਲ ਕਰਨ ਲਈ ਵੱਧ-ਚੜ੍ਹਕੇ ਵੋਟਾਂ ਪਾਉਣ ਦਾ ਸੱਦਾ
- ਕੋਵਿਡ-19 ਤੋਂ ਬਚਾਅ ਲਈ ਆਪਸੀ ਦੂਰੀ ਤੇ ਮਾਸਕ ਦੀ ਵਰਤੋਂ ਕੀਤੀ ਜਾਵੇ-ਕੁਮਾਰ ਅਮਿਤ
- ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣ ਅਮਲ 'ਚ ਵਿਘਨ ਪਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ-ਐਸ.ਐਸ.ਪੀ. ਦੁੱਗਲ
- ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲ ਚੋਣਾਂ ਦੇ 92 ਵਾਰਡਾਂ ਲਈ 1 ਲੱਖ 97 ਹਜ਼ਾਰ 812 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ
ਸਮਾਣਾ/ਪਾਤੜਾਂ/ਰਾਜਪੁਰਾ/ਨਾਭਾ/ਪਟਿਆਲਾ, 13 ਫਰਵਰੀ 2021 - ਪਟਿਆਲਾ ਜ਼ਿਲ੍ਹੇ 'ਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ ਚੋਣਾਂ ਲਈ ਵੋਟਾਂ ਨਿਰਪੱਖ, ਨਿਰਵਿਘਨ ਤੇ ਸੁਤੰਤਰ ਢੰਗ ਨਾਲ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੀਤਾ। ਉਹ ਇਨ੍ਹਾਂ ਚੋਣਾਂ ਲਈ ਵੋਟਾਂ ਪੁਆਉਣ ਲਈ ਚੋਣ ਅਮਲੇ ਨੂੰ ਈ.ਵੀ.ਐਮ. ਮਸ਼ੀਨਾਂ ਤੇ ਹੋਰ ਚੋਣ ਸਮੱਗਰੀ ਦੇ ਕੇ ਰਵਾਨਾ ਕਰਨ ਦੀ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਸਮਾਣਾ ਤੇ ਪਾਤੜਾਂ ਵਿਖੇ ਪੁੱਜੇ ਹੋਏ ਸਨ।
ਇਸ ਮੌਕੇ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਮੁੱਚੇ ਚੋਣ ਪ੍ਰਬੰਧ ਮੁਕੰਮਲ ਹਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਢੁਕਵੇਂ ਸੁਰੱਖਿਆ ਤੇ ਹੋਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਲੋਕਤੰਤਰੀ ਹੱਕ ਦੀ ਖੁੱਲ੍ਹਕੇ ਵਰਤੋਂ ਕਰਨ ਲਈ ਅੱਗੇ ਆਉਣ ਤੇ ਬਿਨ੍ਹਾਂ ਕਿਸੇ ਡਰ-ਭੈਅ ਦੇ ਵੋਟਾ ਪਾਉਣ।
ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਚੋਣ ਅਮਲੇ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਵੋਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਬਿਮਾਰੀ, ਜਿਸਦਾ ਕਿ ਖ਼ਤਰਾ ਅਜੇ ਦਰਪੇਸ਼ ਹੈ, ਤੋਂ ਬਚਾਅ ਲਈ ਆਪਸੀ ਦੂਰੀ ਤੇ ਮਾਸਕਾਂ ਦੀ ਵਰਤੋਂ ਜਰੂਰ ਕਰਨ। ਪਾਤੜਾਂ ਵਿਖੇ ਡਿਪਟੀ ਕਮਿਸ਼ਨਰ ਦੇ ਨਾਲ ਐਸ.ਪੀ. ਸਿਟੀ ਪਟਿਆਲਾ ਵਰੁਣ ਸ਼ਰਮਾ ਵੀ ਮੌਜੂਦ ਸਨ।
ਇਸੇ ਦੌਰਾਨ ਰਾਜਪੁਰਾ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਚੋਣ ਅਮਲੇ ਨੂੰ ਰਵਾਨਾ ਕਰਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਪਟਿਆਲਾ-ਕਮ-ਰਿਟਰਨਿੰਗ ਅਫ਼ਸਰ ਰਾਜਪੁਰਾ ਚਰਨਜੀਤ ਸਿੰਘ, ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਵੀ ਮੌਜੂਦ ਸਨ।
ਜਦੋਂਕਿ ਸਮਾਣਾ ਵਿਖੇ ਚੋਣ ਅਮਲੇ ਨੂੰ ਰਵਾਨਾ ਕਰਨ ਸਮੇਂ ਐਸ.ਡੀ.ਐਮ. ਨਮਨ ਮੜਕਨ ਤੇ ਡੀ.ਐਸ.ਪੀ. ਜਸਵੰਤ ਸਿੰਘ ਮਾਂਗਟ ਮੌਜੂਦ ਸਨ। ਇਸ ਤੋਂ ਇਲਾਵਾ ਪਾਤੜਾਂ ਨਗਰ ਕੌਂਸਲ ਚੋਣਾਂ ਲਈ ਚੋਣ ਅਮਲੇ ਨੂੰ ਰਵਾਨਾ ਕਰਨ ਸਮੇਂ ਪੀਆਰਟੀਸੀ ਦੇ ਏ.ਐਮ.ਡੀ. ਨਿਤੀਸ਼ ਸਿੰਗਲਾ ਤੇ ਡੀ.ਐਸ.ਪੀ. ਭਰਪੂਰ ਸਿੰਘ ਅਤੇ ਨਾਭਾ ਵਿਖੇ ਚੋਣ ਅਮਲੇ ਨੂੰ ਰਵਾਨਾ ਕਰਨ ਸਮੇਂ ਐਸ.ਡੀ.ਐਮ. ਕਾਲਾ ਰਾਮ ਕਾਂਸਲ ਤੇ ਡੀ.ਐਸ.ਪੀ. ਰਾਜੇਸ਼ ਛਿੱਬੜ ਮੌਜੂਦ ਸਨ।
ਕੁਮਾਰ ਅਮਿਤ ਨੇ ਦੱਸਿਆ ਕਿ ਭਲਕੇ 14 ਫਰਵਰੀ ਨੂੰ ਵੋਟਾਂ ਪੈਣ ਦਾ ਕਾਰਜ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਨਿਰਪੱਖ, ਨਿਰਵਿਘਨ ਤੇ ਸੁਤੰਤਰ ਢੰਗ ਨਾਲ ਕਰਵਾਉਣ ਲਈ 760 ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਚੋਣ ਅਮਲੇ ਵਜੋਂ ਤਾਇਨਾਤ ਕੀਤਾ ਗਿਆ ਹੈ ਜਦਕਿ 544 ਚੋਣ ਅਮਲੇ ਦੇ ਮੈਂਬਰਾਂ ਨੂੰ ਰਾਖਵੇਂ ਅਮਲੇ ਵਜੋਂ ਰੱਖਿਆ ਗਿਆ ਹੈ। ਇਸਤੋਂ ਇਲਾਵਾ 59 ਅਧਿਕਾਰੀਆਂ ਨੂੰ ਨਿਗਰਾਨੀ ਲਈ ਸੁਪਰਵਾਈਜ਼ਰ ਲਗਾਇਆ ਗਿਆ ਹੈ।
ਇਸੇ ਦੌਰਾਨ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਤੇ ਭੈਅ ਤੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ। ਸ੍ਰੀ ਦੁੱਗਲ ਨੇ ਦੱਸਿਆ ਕਿ ਸੰਵੇਦਨਸ਼ੀਲ ਤੇ ਅਤਿਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਢੁਕਵੇਂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣ ਅਮਲ 'ਚ ਵਿਘਨ ਪਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲ ਚੋਣਾਂ ਦੇ 92 ਵਾਰਡਾਂ ਲਈ 1 ਲੱਖ 97 ਹਜ਼ਾਰ 812 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ 1 ਲੱਖ 3 ਹਜ਼ਾਰ 458 ਪੁਰਸ਼ ਵੋਟਰ, 94 ਹਜ਼ਾਰ 334 ਮਹਿਲਾ ਵੋਟਰ ਤੇ 20 ਤੀਸਰੇ ਲਿੰਗ ਨਾਲ ਸਬੰਧਤ ਹਨ, ਜੋ 190 ਪੋਲਿੰਗ ਬੂਥਾਂ 'ਤੇ ਜਾਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ 438 ਉਮੀਦਵਾਰਾਂ ਲਈ ਵੋਟ ਕਰਨਗੇ।